Skip to content

ਚੰਡੀਗੜ੍ਹ : 29 ਅਪ੍ਰੈਲ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ.ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਤਰਨਤਾਰਨ ਵਿਖੇ ਏ-25 ਰੇਲਵੇ ਲਾਈਨ (ਕੱਕਾ ਕੰਡਿਆਲਾ ਰੇਲਵੇ ਲਾਈਨ) ‘ਤੇ ਬਣ ਰਹੇ ਚਾਰ ਮਾਰਗੀ ਰੇਲਵੇ ਓਵਰ ਬ੍ਰਿਜ ਅਤੇ  ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਪਿੰਡ ਦੇ ਤਾਰਾਂ ਵਾਲੇ ਪੁਲ ਤੋਂ ਤਰਨਤਾਰਨ ਸਾਹਿਬ ਨੂੰ ਜਾਂਦੇ ਰਸਤੇ ਉੱਪਰ ਬਣ ਰਹੇ ਪੁਲਾਂ ਦੇ ਕੰਮ ਦਾ ਨਿਰੀਖਣ ਕੀਤਾ। ਇਨ੍ਹਾਂ ਦੋਵੇਂ ਪੁੱਲਾ ਦੀ ਉਸਾਰੀ ਹੋਣ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਦਰਮਿਆਨ ਆਵਾਜਾਈ ਬਿਹਤਰ ਹੋ ਜਾਵੇਗੀ ਅਤੇ ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਮੰਤਰੀ ਨੇ ਇਨ੍ਹਾਂ ਦੋਵਾਂ ਪੁਲਾਂ ਦੇ ਨਿਰਮਾਣ ਕਾਰਜ ਵਿੱਚ ਲੱਗੀ ਕੰਪਨੀ ਨੂੰ ਆਦੇਸ਼ ਦਿੱਤਾ ਕਿ ਇਨ੍ਹਾਂ ਪੁਲਾਂ ਦਾ ਕੰਮ ਦਸੰਬਰ 2025 ਤੱਕ ਹਰ ਹਾਲਤ ਵਿੱਚ ਮੁਕੰਮਲ ਕਰ ਲਿਆ ਜਾਵੇ। ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਵੀ ਉਹਨਾਂ ਦੇ ਨਾਲ ਮੌਜੂਦ ਸਨ।

ਇਸ ਪੁਲ ਦੀ ਉਸਾਰੀ ਦਾ ਕੰਮ 31 ਫੀਸਦੀ ਤੱਕ ਹੋ ਮੁਕੰਮਲ ਹੋ ਚੁੱਕਾ ਹੈ ਅਤੇ ਜੂਨ, 2026 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਪਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਦੀ ਉਸਾਰੀ ਦਾ ਕੰਮ ਲਗਭਗ 6 ਮਹੀਨੇ ਪਹਿਲਾ ਹੀ, ਦਸੰਬਰ, 2025 ਤੱਕ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕਿ ਇਤਿਹਾਸਿਕ ਸ਼ਹਿਰ ਤਰਨ ਤਰਨ ਵਿਖੇ ਟਰੈਫਿਕ ਦੀ ਸਮੱਸਿਆ ਕਾਫੀ ਵੱਧਦੀ ਜਾ ਰਹੀ ਹੈ ਅਤੇ ਲੱਖਾਂ ਹੀ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਤਰਨਤਰਨ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਆਉਂਦੇ-ਜਾਂਦੇ ਹਨ ਪਰ ਟਰੈਫਿਕ ਸਮੱਸਿਆ ਦੇ ਕਾਰਨ ਲੋਕਾਂ ਨੂੰ ਆਉਣ-ਜਾਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਇਸ ਚਹੁੰ ਮਾਰਗੀ ਰੇਲਵੇ ਓਵਰ ਬ੍ਰਿਜ ਬਣਨ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਕਾਫ਼ੀ ਸਹੂਲਤ ਮਿਲੇਗੀ ਅਤੇ ਤਰਨ ਤਰਨ ਸ਼ਹਿਰ ਵਿਖੇ ਵੱਧ ਰਹੀ ਟਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇਗੀ। 

ਹਰਭਜਨ ਸਿੰਘ ਈ.ਟੀ.ਉ. ਵਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਪਿੰਡ ਦੇ ਤਾਰਾਂ ਵਾਲੇ ਪੁਲ ਤੋਂ ਤਰਨਤਾਰਨ ਸਾਹਿਬ ਨੂੰ ਜਾਂਦੇ ਰਸਤੇ ਉੱਪਰ ਲੱਗਦੇ ਲੰਮੇ ਜਾਮ ਨੂੰ ਖਤਮ ਕਰਨ ਲਈ ਉਸਾਰੀ ਅਧੀਨ ਪੁਲ ਦੇ ਨਿਰਮਾਣ ਕਾਰਜ ਦਾ ਵੀ ਜਾਇਜ਼ਾ ਲਿਆ। ਇਸ ਪੁਲ ਦੀ ਉਸਾਰੀ ਦਾ ਕੰਮ ਪੰਜਾਬ ਸਰਕਾਰ ਵੱਲੋਂ ਅਕਤੂਬਰ 2024 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਪੁਲ ਦੀ ਉਸਾਰੀ ਮੁਕੰਮਲ ਕਰਨ ਲਈ ਜੂਨ 2026 ਦੀ ਸਮਾਂ ਸੀਮਾ ਤੈਅ ਕੀਤੀ ਗਈ ਸੀ ਪਰ ਸਥਾਨਕ ਲੋਕਾਂ ਅਤੇ ਯਾਤਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਇਸ ਪੁਲ ਦਾ ਨਿਰਮਾਣ ਕਾਰਜ ਵੀ ਦਸੰਬਰ 2025 ਵਿਚ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ ਵੀ ਹਾਜ਼ਰ ਸਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਡਾਕਟਰ ਨਿੱਜਰ ਦੀ ਸਿਫਾਰਸ਼ ਉਪਰ ਇਸ ਪੁਲ ਲਈ 34.20 ਕਰੋੜ ਰੁਪਏ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ ਪਰ ਅਸੀਂ ਇਸ ਪੁਲ ਨੂੰ ਤਕਰੀਬਨ 22.68 ਕਰੋੜ ਰੁਪਏ ਵਿੱਚ ਪੂਰਾ ਕਰ ਲਵਾਂਗੇ, ਜਿਸ ਨਾਲ ਸਰਕਾਰ ਦੇ 11.52 ਕਰੋੜ ਰੁਪਏ ਦੀ ਬਚਤ ਹੋਵੇਗੀ।

ਮੰਤਰੀ ਨੇ ਦੱਸਿਆ ਕਿ ਇਸ ਪੁਲ ਦੇ ਬਣ ਜਾਣ ਨਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਰਨਤਰਨ ਸਾਹਿਬ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ, ਟਾਹਲਾ ਸਾਹਿਬ, ਤੇ ਬਾਬਾ ਬੁੱਢਾ ਜੀ ਦੇ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦਾ ਰਸਤਾ ਆਸਾਨ ਹੋਵੇਗਾ ਅਤੇ ਇੱਥੇ ਲੱਗਣ ਵਾਲਾ ਟਰੈਫਿਕ ਜਾਮ ਬੀਤੇ ਸਮੇਂ ਦੀ ਗੱਲ ਹੋ ਜਾਵੇਗੀ।  ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਬਾਈਪਾਸ ਉੱਤੇ ਪੈਂਦੀਆਂ ਕਲੋਨੀਆਂ ਅਤੇ ਇਤਿਹਾਸਿਕ ਸੁਲਤਾਨਵਿੰਡ ਦੇ ਵਸਨੀਕਾਂ ਨੂੰ ਵੀ ਵੱਡੀ ਰਾਹਤ ਇਸ ਪੁਲ ਦੇ ਨਿਰਮਾਣ ਨਾਲ ਮਿਲੇਗੀ।

error: Content is protected !!