ਚੰਡੀਗੜ੍ਹ, 15 ਦਸੰਬਰ 2024 (ਫਤਿਹ ਪੰਜਾਬ) ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਾਬਕਾ ਮੰਤਰੀ ਅਤੇ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਖਿਲਾਫ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਚਾਰ ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਪੇਸ਼ ਕਰਨ ਲਈ ਤਲਬ ਕੀਤਾ ਹੈ। ਇਸ ਗੱਲ ਦਾ ਖੁਲਾਸਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਮੁਹਾਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਗਿੱਲ ਨੇ ਧਾਮੀ ਵੱਲੋਂ ਗੱਲਬਾਤ ਦੌਰਾਨ ਬੋਲੇ ਗਏ ਅਪਸ਼ਬਦਾਂ ਦੀ ਨਿੰਦਾ ਕਰਦਿਆਂ ਕਿਹਾ ਉਹ ਅਜਿਹੇ ਵਰਤਾਰੇ ਨਾਲ ਅਸੰਵਿਧਾਨਿਕ, ਗਲਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਿੱਚ ਇੱਕ ਉੱਚ ਅਹੁਦੇ ‘ਤੇ ਰਹਿਣ ਦੇ ਲਾਇਕ ਨਹੀਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਔਰਤਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਇੱਕ ਖਤਰਨਾਕ ਮਿਸਾਲ ਪੈਦਾ ਕਰਦੇ ਹਨ।

ਚੇਅਰਪਰਸਨ ਨੇ ਜਵਾਬਤਲਬੀ ਦੇ ਨਾਲ ਹੀ SGPC ਕਮੇਟੀ ਤੋਂ ਮੰਗ ਕੀਤੀ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਉਸ ਦੇ ਅਹੁਦੇ ਤੋਂ ਹਟਾਇਆ ਜਾਵੇ। ਉਨ੍ਹਾਂ ਕਿਹਾ, “SGPC ਇੱਕ ਪ੍ਰਤਿਸ਼ਠਿਤ ਸੰਸਥਾ ਹੈ ਅਤੇ ਉਸ ਨੂੰ ਚਲਾ ਰਹੇ ਵਿਅਕਤੀਆਂ ਨੂੰ ਉੱਚਤਮ ਮਾਨ ਮਰਿਆਦਾ, ਜਵਾਬਦੇਹੀ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਔਰਤਾਂ ਵਿਰੁੱਧ ਅਪਤਿਜਨਕ ਭਾਸ਼ਾ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।”
ਇੱਕ ਕਰੜੇ ਬਿਆਨ ਵਿੱਚ ਗਿੱਲ ਨੇ ਚੇਤਾਵਨੀ ਦਿੱਤੀ, ਕਿ ਜੇਕਰ ਸ਼੍ਰੀ ਧਾਮੀ ਤੋਂ ਨਿਰਧਾਰਿਤ ਸਮੇਂ ਦੇ ਅੰਦਰ ਕੋਈ ਸਪਸ਼ਟੀਕਰਨ ਨਹੀਂ ਮਿਲਦਾ, ਤਾਂ ਕਮਿਸ਼ਨ ਨਿਯਮਾਂ ਅਤੇ ਪ੍ਰਵਧਾਨਾਂ ਅਨੁਸਾਰ ਉਨ੍ਹਾਂ ਖ਼ਿਲਾਫ ਕਾਰਵਾਈ ਸ਼ੁਰੂ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਮਿਸ਼ਨ ਨੂੰ ਅਜਿਹੇ ਮਾਮਲਿਆਂ ਦਾ ਹੱਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੇ ਅਧਿਕਾਰ ਹਨ ਅਤੇ ਉਹ ਔਰਤਾਂ ਦੀ ਮਰਿਆਦਾ ਅਤੇ ਹੱਕਾਂ ਦੀ ਰੱਖਿਆ ਕਰਨ ਲਈ ਫੈਸਲਾ ਕਨੂੰਨੀ ਤੌਰ ਤੇ ਲੈਵੇਗੀ।
ਚੇਅਰਪਰਸਨ ਨੇ SGPC ਕਮੇਟੀ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਦਾ ਤੁਰੰਤ ਸੰਜੋਗ ਲਿਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਪ੍ਰਧਾਨਗੀ ਦੀ ਪਦਵੀ ‘ਤੇ ਬੈਠੇ ਵਿਅਕਤੀ ਸਿੱਖੀ ਦੇ ਮੂਲ ਸਿਧਾਂਤਾਂ ਅਤੇ ਆਦਰਸ਼ਾਂ ਦੀ ਪਾਲਣ ਕਰਨ।
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਦੁਹਰਾਇਆ ਕਿ ਔਰਤਾਂ ਵਿਰੁੱਧ ਅਪਮਾਨਜਨਕ ਬਿਆਨਾਂ ਜਾਂ ਪੀੜਾ ਦੇ ਮਾਮਲਿਆਂ ਦਾ ਸਹੀ ਸਮੇ ‘ਤੇ ਹੱਲ ਕੀਤਾ ਜਾਵੇਗਾ ਅਤੇ ਉਹਨਾਂ ਦੀ ਮਰਿਆਦਾ ਦੀ ਰੱਖਿਆ ਕੀਤੀ ਜਾਵੇਗੀ।