ਨਵੀਂ ਦਿੱਲੀ 20 ਜੂਨ 2024 (ਫਤਿਹ ਪੰਜਾਬ) ਸੀਆਈਐਸਐਫ (CISF) ਨੇ ਕਿਸੇ ਬੁੱਢੇ ਬੰਦੇ ਦੇ ਪਾਸਪੋਰਟ ਉੱਪਰ ਭੇਸ ਬਦਲ ਕੇ ਕਨੇਡਾ ਉਡਾਰੀ ਮਾਰਨ ਜਾ ਰਹੇ ਇੱਕ ਨੌਜਵਾਨ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫੜ ਕੇ IGI Airport ਪੁਲਿਸ ਦੀ ਹਿਰਾਸਤ ਵਿੱਚ ਭੇਜ ਦਿੱਤਾ। ਨੌਜਵਾਨ ਦੀ ਪਛਾਣ 24 ਸਾਲਾ ਗੁਰਸੇਵਕ ਸਿੰਘ ਵਜੋਂ ਹੋਈ ਹੈ। ਉਸਨੇ ਰਾਤ ਨੂੰ 10:50 ਵਜੇ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਕੈਨੇਡਾ ਲਈ ਜਹਾਜ਼ ਚੜ੍ਹਨਾ ਸੀ।

ਸੀਆਈਐਸਐਫ ਮੁਤਾਬਕ 18 ਜੂਨ ਦੀ ਸ਼ਾਮ ਨੂੰ ਕਰੀਬ 5:20 ਵਜੇ ਟਰਮੀਨਲ-3 ‘ਤੇ ਤਾਇਨਾਤ ਸੀਆਈਐਸਐਫ ਪ੍ਰੋਫਾਈਲਿੰਗ ਟੀਮ ਨੇ ਜਦੋਂ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਪੁੱਛਗਿੱਛ ਲਈ ਰੋਕਿਆ ਤਾਂ ਉਕਤ ਵਿਅਕਤੀ ਨੇ ਆਪਣਾ ਨਾਂ ਰਸ਼ਵਿੰਦਰ ਸਿੰਘ ਸਹੋਤਾ ਦੱਸਿਆ। 

ਸਬੂਤ ਵਜੋਂ ਗੁਰਸੇਵਕ ਨੇ ਸੀਆਈਐਸਐਫ ਨੂੰ ਆਪਣਾ ਪਾਸਪੋਰਟ ਅਤੇ ਕੈਨੇਡੀਅਨ ਟਿਕਟ ਵੀ ਦਿਖਾਈ। ਪਾਸਪੋਰਟ ਦੀ ਵੈਰੀਫਿਕੇਸ਼ਨ ਦੌਰਾਨ ਪਤਾ ਲੱਗਾ ਕਿ ਇਸ ਵਿਅਕਤੀ ਦੇ ਪਾਸਪੋਰਟ ਵਿੱਚ ਲਿਖੀ ਜਨਮ ਤਰੀਕ ਅਨੁਸਾਰ ਉਸ ਦੀ ਉਮਰ 67 ਸਾਲ ਹੈ ਪਰ, ਚਿਹਰੇ ਤੋਂ ਉਸਦੀ ਉਮਰ ਬਹੁਤ ਛੋਟੀ ਲੱਗਦੀ ਹੈ। ਗੱਲਬਾਤ ਦੌਰਾਨ CISF ਜਵਾਨ ਨੂੰ ਉਸ ‘ਬੁੱਢੇ’ ਵਿਅਕਤੀ ਦੀ ਆਵਾਜ਼ ਨੌਜਵਾਨ ਵਰਗੀ ਜਾਪੀ।

ਜਦੋਂ ਅਧਿਕਾਰੀਆਂ ਨੇ ਵਿਅਕਤੀ ਦੇ ਚਿਹਰੇ ਦੀ ਚਮੜੀ ਨੂੰ ਨੇੜਿਓਂ ਦੇਖਿਆ ਤਾਂ ਸ਼ੱਕ, ਯਕੀਨ ਵਿੱਚ ਤਬਦੀਲ ਹੋ ਗਿਆ ਕਿ ਇਸ ਕੇਸ ਵਿੱਚ ਜ਼ਰੂਰ ਕੋਈ ਗੜਬੜ ਹੈ, ਜਿਸ ਤੋਂ ਬਾਅਦ CISF ਨੇ ਇਸ ਵਿਅਕਤੀ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਨੇ ਆਪਣੇ ਵਾਲ ਅਤੇ ਦਾੜ੍ਹੀ ਨੂੰ ਸਫੈਦ ਰੰਗ ਕੀਤਾ ਹੋਇਆ ਸੀ ਅਤੇ ਬੁੱਢਾ ਦਿਖਣ ਲਈ ਐਨਕਾਂ ਵੀ ਪਹਿਨੀਆਂ ਹੋਈਆਂ ਸਨ। ਗੁਰਸੇਵਕ ਦੇ ਮੋਬਾਈਲ ਦੀ ਜਾਂਚ ਦੌਰਾਨ ਸਾਰਾ ਭੇਦ ਖੁੱਲ੍ਹ ਕੇ ਸਾਹਮਣੇ ਆ ਗਿਆ।

ਜਾਂਚ ਦੌਰਾਨ ਉਸਦੇ ਮੋਬਾਈਲ ਵਿੱਚੋਂ ਅਸਲੀ ਪਾਸਪੋਰਟ ਦੀ ਇੱਕ ਸਾਫਟ ਕਾਪੀ ਮਿਲੀ, ਜਿਸ ਵਿਚ ਉਸ ਦਾ ਨਾਂ ਗੁਰਸੇਵਕ ਸਿੰਘ ਅਤੇ ਉਸ ਦੀ ਉਮਰ 24 ਸਾਲ ਦੱਸੀ ਗਈ ਹੈ। ਇਸ ਤੋਂ ਬਾਅਦ ਮੁੰਡੇ ਨੇ ਅਸਲੀਅਤ ਦੱਸੀ ਕਿ ਉਸਦਾ ਅਸਲੀ ਨਾਮ ਗੁਰਸੇਵਕ ਸਿੰਘ ਹੈ ਪਰ ਉਸਨੇ ਕੈਨੇਡਾ ਜਾਣ ਲਈ ਬਜ਼ੁਰਗ ਦਾ ਭੇਸ ਬਣਾ ਲਿਆ ਸੀ। ਇਸ ਤੋਂ ਬਾਅਦ CISF ਨੇ ਗੁਰਸੇਵਕ ਦੇ ਕਬਜ਼ੇ ‘ਚੋਂ ਬਰਾਮਦ ਕੀਤੇ ਦੋਵੇਂ ਪਾਸਪੋਰਟ ਦਿੱਲੀ ਪੁਲਿਸ ਨੂੰ ਸੌਂਪ ਦਿੱਤੇ ਹਨ।

Skip to content