ਪੇਂਡੂ ਵੋਟਰ ਕਰਨਗੇ 2027 ਲਈ ਪੰਜਾਬ ਦੇ ਸਿਆਸੀ ਭਵਿੱਖ ਦਾ ਫੈਸਲਾ
ਅੰਮ੍ਰਿਤਸਰ, 20 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਦਸੰਬਰ ਦੇ ਦੂਜੇ ਅੱਧ ਵਿੱਚ ਪੰਜਾਬ ਅੰਦਰ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਸੰਮਤੀਆਂ ਲਈ ਚੋਣਾਂ ਦਾ ਬਿਗਲ ਵੱਜਣ ਲਈ ਤਿਆਰ ਹੈ। ਐਤਕੀ ਸੱਤ ਸਾਲਾਂ ਬਾਅਦ ਹੋ ਰਹੀਆਂ ਇਹ ਚੋਣਾਂ ਪੇਂਡੂ ਵੋਟਰਾਂ ਦੀ ਰਾਜਨੀਤਕ ਦਿਸ਼ਾ ਦਾ ਬੈਰੋਮੀਟਰ ਹੋਣਗੀਆਂ।
ਰਾਜ ਚੋਣ ਕਮਿਸ਼ਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਪੁਰਬ ਤੋਂ ਬਾਅਦ ਕਿਸੇ ਵੀ ਸਮੇਂ ਰਸਮੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਸੰਭਾਵਨਾ ਹੈ ਜਿਸ ਨਾਲ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਇੱਕ ਮੁਕਾਬਲੇ ਲਈ ਮੰਚ ਤਿਆਰ ਹੋ ਜਾਵੇਗਾ ਜੋ 2027 ਦੀਆਂ ਆਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰੇਗਾ।
ਅਧਿਕਾਰੀਆਂ ਤੋਂ ਸੰਕੇਤ ਮਿਲੇ ਹਨ ਕਿ ਇਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ (ਪੀ.ਆਰ.ਆਈ.) ਲਈ ਵੋਟਾਂ ਐਤਵਾਰ, 14 ਦਸੰਬਰ ਨੂੰ ਹੋ ਸਕਦੀਆਂ ਹਨ। ਪਿਛਲੀਆਂ ਚੋਣਾਂ ਸਤੰਬਰ 2018 ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਹੋਈਆਂ ਸਨ ਜਦੋਂ ਕਿ ਅਕਾਲੀ-ਭਾਜਪਾ ਗੱਠਜੋੜ ਨੇ ਇਹ ਚੋਣਾਂ ਮਈ 2013 ਵਿੱਚ ਕਰਵਾਈਆਂ ਸੀ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਸ ਸਾਲ ਹੜ੍ਹਾਂ ਕਾਰਨ ਹੋਈ ਦੇਰੀ ਦਾ ਹਵਾਲਾ ਦਿੰਦੇ ਹੋਏ ਸੂਚਿਤ ਕੀਤਾ ਹੋਇਆ ਹੈ ਕਿ ਚੋਣਾਂ 5 ਦਸੰਬਰ ਤੋਂ ਪਹਿਲਾਂ ਕਰਵਾ ਲਈਆਂ ਜਾਣਗੀਆਂ।
ਰਾਜ ਪ੍ਰਸ਼ਾਸਨ ਨੇ ਸਾਰੀਆਂ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਸੰਮਤੀਆਂ ਲਈ ਜ਼ੋਨਿੰਗ ਢਾਂਚੇ ਨੂੰ ਪਹਿਲਾਂ ਹੀ ਅੰਤਿਮ ਰੂਪ ਦੇ ਦਿੱਤਾ ਸੀ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਜ਼ੋਨਾ ਅਤੇ ਰਾਖਵਾਂਕਰਨ ਸ਼੍ਰੇਣੀਆਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਰਹੇ ਹਨ। ਇਸ ਵਾਰ ਬਲਾਕ ਨੂੰ ਇੱਕ ਇਕਾਈ ਵਜੋਂ ਰੱਖ ਕੇ ਜ਼ੋਨਾਂ ਨੂੰ ਮੁੜ ਐਲਾਨਿਆਂ ਗਿਆ ਹੈ ਅਤੇ ਕਈ ਬਲਾਕਾਂ ਵਿੱਚ ਢਾਂਚਾਗਤ ਬਦਲਾਅ ਕੀਤੇ ਗਏ ਹਨ ਜਿਨ੍ਹਾਂ ਨੇ ਕੁਝ ਪਿੰਡਾਂ ਨੂੰ ਇੱਕ ਬਲਾਕ ਤੋਂ ਦੂਜੇ ਬਲਾਕ ਵਿੱਚ ਤਬਦੀਲ ਕਰ ਦਿੱਤਾ ਹੈ।
ਇਹ ਪੀ.ਆਰ.ਆਈ. ਚੋਣਾਂ ਜਨਵਰੀ 2025 ਦੀ ਵੋਟਰ ਸੂਚੀ ਦੇ ਆਧਾਰ ‘ਤੇ ਕਰਵਾਏ ਜਾਣ ਦੀ ਉਮੀਦ ਹੈ। ਅਕਤੂਬਰ 2024 ਵਿੱਚ ਹੋਈਆਂ ਪੰਚਾਇਤ ਚੋਣਾਂ ਮੌਕੇ ਪੰਜਾਬ ਵਿੱਚ 1.33 ਕਰੋੜ ਰਜਿਸਟਰਡ ਵੋਟਰ ਸਨ ਅਤੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਅੱਪਡੇਟ ਕੀਤੀ ਸੂਚੀ ਹੀ ਇੰਨਾਂ ਚੋਣਾਂ ਵਿੱਚ ਲਾਗੂ ਹੋਵੇਗੀ।
ਸਾਰੀਆਂ ਰਾਜਨੀਤਿਕ ਪਾਰਟੀਆਂ ਪੇਂਡੂ ਵੋਟਾਂ ਨੂੰ ਇੱਕ ਮੁੱਖ ਬੈਰੋਮੀਟਰ ਵਜੋਂ ਵੇਖਦੀਆਂ ਹਨ। ਨਤੀਜਾ ਇਸ ਗੱਲ ਦਾ ਸਪੱਸ਼ਟ ਅਹਿਸਾਸ ਪੇਸ਼ ਕਰੇਗਾ ਕਿ ਪੰਜਾਬ ਦਾ ਪੇਂਡੂ ਖੇਤਰ ਵੱਖ-ਵੱਖ ਰਾਜਨੀਤਿਕ ਬਿਰਤਾਂਤਾਂ ਪ੍ਰਤੀ ਕਿਵੇਂ ਪ੍ਰਤੀਕਿਰਿਆ ਪ੍ਰਗਟ ਕਰਦਾ ਹੈ। ਭਾਜਪਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਸਾਰੀਆਂ ਸੀਟਾਂ ‘ਤੇ ਆਪਣੇ ਚੋਣ ਨਿਸ਼ਾਨ ‘ਤੇ ਸੁਤੰਤਰ ਤੌਰ ‘ਤੇ ਚੋਣ ਲੜੇਗੀ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਸੰਗਠਨਾਤਮਕ ਤਾਕਤ ਨਾਲ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਿਹਾ ਹੈ। ਰਾਸ਼ਟਰੀ ਅਤੇ ਖੇਤਰੀ ਦੋਵਾਂ ਪਾਰਟੀਆਂ ਲਈ ਨਤੀਜੇ ਇਹ ਸੰਕੇਤ ਦੇਣਗੇ ਕਿ 2027 ਦੀ ਉਲਟੀ ਗਿਣਤੀ ਸ਼ੁਰੂ ਹੋਣ ਦੇ ਨਾਲ-ਨਾਲ ਪੇਂਡੂ ਲੋਕਾਂ ਦਾ ਝੁਕਾਓ ਕਿਸ ਪਾਸੇ ਵਧ ਰਿਹਾ ਹੈ।