ਭਾਜਪਾ ਨੂੰ ਕਿਹਾ- ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ ਨਾ ਰੋਕਿਓ ਨਹੀਂ ਤਾਂ ਪਾਪ ਲੱਗੇਗਾ
ਦਿੱਲੀ 30 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਐਲਾਨਾਂ ਦਾ ਦੌਰ ਜਾਰੀ ਹੈ। ਮਹਿਲਾ ਸਨਮਾਨ ਯੋਜਨਾ ਅਤੇ ਸੰਜੀਵਨੀ ਯੋਜਨਾ ਤੋਂ ਬਾਅਦ ਹੁਣ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ‘ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ’ Pujari-Granthi Samman Yojna ਦਾ ਐਲਾਨ ਕੀਤਾ ਹੈ।
ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਜੇਕਰ ਦਿੱਲੀ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਇਸ ਯੋਜਨਾ ਤਹਿਤ ਦਿੱਲੀ ਦੇ ਮੰਦਰਾਂ ਦੇ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਹਰ ਮਹੀਨੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ 31 ਦਸੰਬਰ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਤੋਂ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਮੁਹਿੰਮ ਸ਼ੁਰੂ ਕਰਨਗੇ, ਬਸ਼ਰਤੇ ਉਨ੍ਹਾਂ ਦਾ ਵੋਟਰ ਕਾਰਡ ਦਿੱਲੀ ਦਾ ਹੋਵੇ।
ਕੇਜਰੀਵਾਲ ਨੇ ਕਿਹਾ, “ਸਮਾਜ ਵਿੱਚ ਪੁਜਾਰੀਆਂ ਅਤੇ ਗ੍ਰੰਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਹਰ ਸੁੱਖ-ਦੁੱਖ ਵਿੱਚ ਉਨ੍ਹਾਂ ਦੀ ਭੂਮਿਕਾ ਹੁੰਦੀ ਹੈ ਚਾਹੇ ਵਿਆਹ, ਜਨਮ ਦਿਨ ਜਾਂ ਘਰ ਦਾ ਕੋਈ ਹੋਰ ਖੁਸ਼ੀ ਦਾ ਮੌਕਾ ਹੋਵੇ ਜਾਂ ਮੌਤ ਤੋਂ ਬਾਅਦ ਕੋਈ ਉਦਾਸੀ ਜਾਂ ਅੰਤਿਮ ਸੰਸਕਾਰ, ਉਹ ਹਰ ਇੱਕ ਨਾਲ ਖੜ੍ਹੇ ਹੁੰਦੇ ਹਨ ਅਤੇ ਰੀਤੀ ਰਿਵਾਜ ਨਿਭਾਉਂਦੇ ਹਨ। ਇਹ ਉਹ ਜਮਾਤ ਹੈ ਜਿਸ ਨੇ ਸਾਡੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਹੈ। ਪਰ ਸਮਾਜ ਜਾਂ ਕਿਸੇ ਪਾਰਟੀ ਜਾਂ ਸਰਕਾਰ ਨੇ ਕਦੇ ਵੀ ਇਸ ਵਰਗ ਵੱਲ ਧਿਆਨ ਨਹੀਂ ਦਿੱਤਾ।
ਕੇਜਰੀਵਾਲ ਨੇ ਕਿਹਾ, ਇਸੇ ਲਈ ਅਸੀਂ ਦੇਸ਼ ਵਿੱਚ ਪਹਿਲੀ ਵਾਰ ਦਿੱਲੀ ਦੇ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਸੇਵਾ ਕਰਨ ਵਾਲੇ ਸਾਰੇ ਪੁਜਾਰੀਆਂ ਅਤੇ ਗ੍ਰੰਥੀਆਂ ਦੇ ਸਨਮਾਨ ਵਿੱਚ ਇੱਕ ਮਹੱਤਵਪੂਰਨ ਯੋਜਨਾ ਦਾ ਐਲਾਨ ਕਰ ਰਹੇ ਹਾਂ। ਇਹ ਸਕੀਮ ਸਮਾਜ ਲਈ ਉਨ੍ਹਾਂ ਦੇ ਅਧਿਆਤਮਿਕ ਯੋਗਦਾਨ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੇ ਯਤਨਾਂ ਪ੍ਰਤੀ ਯੋਗਦਾਨ ਹੈ।
ਭਾਜਪਾ ਨੂੰ ਕਿਹਾ- ਇਹ ਯੋਜਨਾ ਨਾ ਰੋਕਿਓ ਨਹੀਂ ਤਾਂ ਪਾਪ ਲੱਗੇਗਾ
ਦਿੱਲੀ ਦੇ ਅੰਦਰ ਭਾਜਪਾ ਅਤੇ ਕਾਂਗਰਸ ਦੋਵੇਂ ਹੀ ਕੇਜਰੀਵਾਲ ਵੱਲੋਂ ਐਲਾਨੀਆਂ ਗਈਆਂ ਯੋਜਨਾਵਾਂ ਨੂੰ ਲੈ ਕੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ‘ਤੇ ਹਮਲੇ ਕਰ ਰਹੇ ਹਨ। ਇਸ ਨਵੀਂ ਸਕੀਮ ਦੇ ਐਲਾਨ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਹੈ- “ਭਾਜਪਾ ਵਾਲਿਓ, ਇਸ ਸਕੀਮ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ, ਇਹ ਬਹੁਤ ਵੱਡਾ ਪਾਪ ਹੋਵੇਗਾ।”
ਕੇਜਰੀਵਾਲ ਨਾਲ ਮੁੱਖ ਮੰਤਰੀ ਆਤਿਸ਼ੀ ਵੀ ਰਹੇ ਮੌਜੂਦ
ਇਸ ਰੈਸ ਕਾਨਫਰੰਸ ਵਿੱਚ ਕੇਜਰੀਵਾਲ ਦੇ ਨਾਲ ਮੁੱਖ ਮੰਤਰੀ ਆਤਿਸ਼ੀ ਅਤੇ ਮੰਤਰੀ ਸੌਰਭ ਭਾਰਦਵਾਜ ਵੀ ਮੌਜੂਦ ਸਨ। ਸੌਰਭ ਭਾਰਦਵਾਜ ਨੇ ਇਸ ਯੋਜਨਾ ‘ਤੇ ਕਿਹਾ, “ਹਰ ਪਾਰਟੀ ਦਾ ਫਰਜ਼ ਬਣਦਾ ਹੈ ਕਿ ਉਹ ਸਮਾਜ ਦੀ ਲੋੜ ਅਨੁਸਾਰ ਆਪਣੀਆਂ ਨੀਤੀਆਂ ਬਣਾ ਕੇ ਉਸ ਲਈ ਕੰਮ ਕਰੇ। ਜੇਕਰ ਅਸੀਂ ਮੰਦਰਾਂ ਦੇ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਦੇ ਘਰਾਂ ‘ਚ ਜਾਈਏ ਤਾਂ ਅਸੀਂ ਦੇਖਦੇ ਹਾਂ ਕਿ ਉਸਦਾ ਪੂਰਾ ਪਰਿਵਾਰ ਇੱਕ ਇੱਕ ਛੋਟੇ ਕਮਰੇ ਵਿੱਚ ਰਹਿੰਦਾ ਹੈ। ਇਨ੍ਹਾਂ ਲੋਕਾਂ ਲਈ ਕੁਝ ਕਰਨਾ ਸਰਕਾਰ ਦਾ ਫਰਜ਼ ਹੈ। ਇਸ ਦੇ ਲਈ ਉਨ੍ਹਾਂ ਨੂੰ ਹਰ ਮਹੀਨੇ 18,000 ਰੁਪਏ ਮਾਣ ਭੱਤਾ ਦਿੱਤਾ ਜਾਵੇਗਾ।