ਮੌਤ ਲਈ ਵਰਤੇ ਹਥਿਆਰ ਤੇ ਇਸ ਲਈ ਕੌਣ ਜ਼ਿੰਮੇਵਾਰ ਹੈ, ਹਾਲੇ ਇਹ ਤੈਅ ਹੋਣਾ ਬਾਕੀ : ਹਾਈ ਕੋਰਟ
ਹਾਈ ਕੋਰਟ ਨੇ ਪੋਸਟਮਾਰਟਮ ਰੀਪੋਰਟ ਤੇ ਹੋਰ ਫੋਰੈਂਸਿਕ ਸਬੂਤ ਮੰਗੇ
ਚੰਡੀਗੜ੍ਹ 29 ਮਈ 2024 (ਫਤਿਹ ਪੰਜਾਬ) ਦਿੱਲੀ ਚੱਲੋ ਲਹਿਰ ਮੌਕੇ ਖਨੌਰੀ ਬਾਰਡਰ ਨੇੜੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਨੌਜੁਆਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ’ਚ ਨਿਆਂਇਕ ਜਾਂਚ ਕਮੇਟੀ ਨੇ ਅਪਣੀ ਅੰਤਰਿਮ ਰੀਪੋਰਟ ਹਾਈ ਕੋਰਟ ਨੂੰ ਸੌਂਪ ਦਿਤੀ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੀ ਹੱਦ ਅੰਦਰ ਹੋਈ ਸੀ ਪਰ ਇਸ ਲਈ ਵਰਤੇ ਗਏ ਹਥਿਆਰ ਅਤੇ ਮੌਤ ਲਈ ਕੌਣ ਜ਼ਿੰਮੇਵਾਰ ਹੈ, ਇਸ ਦਾ ਤੈਅ ਕਰਨ ਅਜੇ ਬਾਕੀ ਹੈ। ਇਸ ਰੀਪੋਰਟ ਨੂੰ ਰੀਕਾਰਡ ’ਤੇ ਲੈਂਦੇ ਹੋਏ ਹਾਈ ਕੋਰਟ ਨੇ ਪੋਸਟਮਾਰਟਮ ਰੀਪੋਰਟ ਅਤੇ ਹੋਰ ਫੋਰੈਂਸਿਕ ਸਬੂਤ ਕਮੇਟੀ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ।
ਯਾਦ ਰਹੇ ਕਿ ਸ਼ੁਭਕਰਨ ਸਿੰਘ ਦੀ ਇਸ ਸਾਲ 21 ਫ਼ਰਵਰੀ ਨੂੰ ਪੰਜਾਬ-ਹਰਿਆਣਾ ਹੱਦ ’ਤੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ ਸੀ। ਦੋਸ਼ ਹੈ ਕਿ ਹਰਿਆਣਾ ਪੁਲਿਸ ਵਲੋਂ ਚਲਾਈ ਗਈ ਗੋਲੀ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਚ ਪੰਚਕੂਲਾ ਦੇ ਵਸਨੀਕ ਐਡਵੋਕੇਟ ਉਦੈ ਪ੍ਰਤਾਪ ਸਿੰਘ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਜਾਂਚ ਦੀ ਮੰਗ ਕੀਤੀ ਸੀ।
ਉਪਰੰਤ 7 ਮਾਰਚ ਨੂੰ ਹਾਈ ਕੋਰਟ ਨੇ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ’ਚ ਇਕ ਕਮੇਟੀ ਦਾ ਗਠਨ ਕੀਤਾ ਸੀ। ਇਸ ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਜਸਟਿਸ ਜੈਸ਼੍ਰੀ ਠਾਕੁਰ ਕਰ ਰਹੇ ਹਨ। ਉਨ੍ਹਾਂ ਦੇ ਨਾਲ ਹਰਿਆਣਾ ਦੇ ਏ.ਡੀ.ਜੀ.ਪੀ. ਅਮਿਤਾਭ ਸਿੰਘ ਢਿੱਲੋਂ ਅਤੇ ਪੰਜਾਬ ਦੇ ਏਡੀ.ਜੀ.ਪੀ. ਪ੍ਰਮੋਦ ਬਾਨ ਨੂੰ ਕਮੇਟੀ ਦਾ ਹਿੱਸਾ ਬਣਾਇਆ ਗਿਆ ਸੀ।
ਇਸ ਕਮੇਟੀ ਨੇ ਇਸ ਗੱਲ ਦੀ ਜਾਂਚ ਕਰਨੀ ਸੀ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੇ ਅਧਿਕਾਰ ਖੇਤਰ ’ਚ ਹੋਈ ਸੀ ਜਾਂ ਪੰਜਾਬ ਦੇ ਖੇਤਰ ’ਚ, ਮੌਤ ਦਾ ਕਾਰਨ ਕੀ ਸੀ ਅਤੇ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਨਾਲ ਹੀ ਅੰਦੋਲਨਕਾਰੀਆਂ ’ਤੇ ਤਾਕਤ ਦੀ ਵਰਤੋਂ ਕੀਤੀ ਗਈ, ਕੀ ਇਹ ਹਾਲਾਤ ਦੇ ਅਨੁਸਾਰ ਸੀ ਜਾਂ ਨਹੀਂ ਅਤੇ ਕਮੇਟੀ ਨੂੰ ਸ਼ੁਭਕਰਨ ਦੀ ਮੌਤ ਦੇ ਮੁਆਵਜ਼ੇ ’ਤੇ ਵੀ ਫੈਸਲਾ ਕਰਨਾ ਹੈ।