ਦੋਵੇਂ ਬਸਪਾ ਉਮੀਦਵਾਰਾਂ ਨੇ ਵੋਟ ਪਾਉਂਦੇ ਸਮੇਂ ਵੀਡੀਓ ਬਣਾ ਕੇ ਉਸ ਨੂੰ ਸ਼ੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ
ਫਰੀਦਕੋਟ 1 ਜੂਨ 2024 (ਫਤਿਹ ਪੰਜਾਬ) ਲੋਕ ਸਭਾ ਹਲਕਾ ਫਰੀਦਕੋਟ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗੁਰਬਖਸ਼ ਸਿੰਘ ‘ਤੇ ਇਲਜ਼ਾਮ ਹੈ ਕਿ ਉਸ ਨੇ ਵੋਟ ਪਾਉਂਦੇ ਸਮੇਂ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਅਪਲੋਡ ਕਰ ਦਿੱਤੀ ਸੀ।
ਯਾਦ ਰਹੇ ਕਿ ਪਹਿਲੀ ਜੂਨ ਸ਼ਨਿਚਰਵਾਰ ਨੂੰ ਪੰਜਾਬ ਵਿੱਚ ਵੋਟਾਂ ਵਾਲੇ ਦਿਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਬਸਪਾ BSP ਦੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵੀ ਗੁਰੁਹਰਸਹਾਏ ਬਲਾਕ ਦੇ ਪਿੰਡ ਜੀਵਾਂ ਅਰਾਈ ਵਿਖੇ ਵੋਟ ਕੇਂਦਰ ਉੱਤੇ ਵੋਟ ਪਾਉਣ ਸਮੇਂ ਈਵੀਐਮ ਮਸ਼ੀਨ ਦੀ ਵੀਡੀਓ ਬਣਾਉਣ ਅਤੇ ਉਸ ਨੂੰ ਜਨਤਕ ਕਰਨ ਦੇ ਦੋਸ਼ ਹੇਠ ਥਾਣਾ ਗੁਰੂਹਰਸਹਾਏ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਉਧਰ ਅੱਜ ਹੀ ਉਕਤ ਦੂਜੇ ਬਸਪਾ ਉਮੀਦਵਾਰ ਚੌਹਾਨ ਵੱਲੋਂ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਜਿਸ ਵਿੱਚ ਉਹ ਆਪਣੀ ਵੋਟ ਪਾ ਰਹੇ ਹਨ। ਉਨ੍ਹਾਂ ਨੇ ਵੋਟ ਪਾਉਣ ਸਮੇਂ ਨਾ ਸਿਰਫ ਆਪਣੀ ਵੀਡੀਓ ਬਣਾਈ ਸਗੋਂ ਅੱਗੇ ਅਪਲੋਡ ਵੀ ਕੀਤੀ।
ਇਸ ਸਬੰਧੀ ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਜਦੋਂ ਉਹ ਵੋਟ ਪਾਉਣ ਗਏ ਤਾਂ ਉਸ ਸਮੇਂ ਵੋਟ ਕੇਂਦਰ ਦੇ ਅੰਦਰ ਕੋਈ ਲਾਈਟ ਨਹੀਂ ਸੀ ਜਿਸ ਕਾਰਨ ਉਸ ਨੇ ਆਪਣੀ ਵੋਟ ਪਾਉਣ ਦੀ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਅਪਲੋਡ ਕਰ ਦਿੱਤੀ।
ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।