ਫਰੀਦਕੋਟ 2 ਜੂਨ 2024 (ਫਤਿਹ ਪੰਜਾਬ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਕੀਤੀ ਬੇਅਦਬੀ ਮਾਮਲਿਆਂ ਨਾਲ ਜੁੜੇ ਬਹਿਬਲ ਗੋਲੀਕਾਂਡ ਦਾ ਕੇਸ ਫ਼ਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਤਬਦੀਲ ਕਰਨ ਨਾਲ ਰਾਜਨੀਤਕ ਅਤੇ ਪੰਥਕ ਹਲਕਿਆਂ ਵਿਚ ਹਲਚਲ ਹੋਈ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬੇਅਦਬੀ ਮਾਮਲਿਆਂ ਨਾਲ ਜੁੜੇ ਤਿੰਨ ਕੇਸ – ਪਾਵਨ ਸਰੂਪ ਚੋਰੀ ਹੋਣ, ਭੜਕਾਉ ਪੋਸਟਰ ਲਾਉਣ ਅਤੇ ਬੇਅਦਬੀ ਕੇਸ ਨੂੰ ਫ਼ਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰਨ ਮੌਕੇ ਪੰਥਕ ਹਲਕਿਆਂ ਵਿਚ ਬਹੁਤ ਰੋਸ ਪਾਇਆ ਗਿਆ ਸੀ ਤੇ ਹੁਣ ਵੀ ਪੰਥਕ ਹਲਕੇ ਹੈਰਾਨ, ਪ੍ਰੇਸ਼ਾਨ ਅਤੇ ਬੇਚੈਨ ਹਨ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਵਲੋਂ ਸਮੇਂ-ਸਮੇਂ ਕੀਤੀ ਗਈ ਜਾਂਚ ਉਪਰੰਤ ਅਦਾਲਤ ਵਲੋਂ ਕਮਿਸ਼ਨ ਦੀ ਰਿਪੋਰਟ ਨੂੰ ਸਹੀ ਠਹਿਰਾਉਣ ਦੇ ਬਾਵਜੂਦ ਵੀ ਕੇਸ ਵਿੱਚ ਸ਼ਾਮਲ ਮੁਲਜ਼ਮਾਂ ਦੀਆਂ ਸ਼ਿਕਾਇਤਾਂ ’ਤੇ ਪਹਿਲਾਂ ਬੇਅਦਬੀ ਮਾਮਲਿਆਂ ਨਾਲ ਜੁੜੇ ਚਾਰ ਕੇਸ ਫ਼ਰੀਦਕੋਟ ਤੋਂ ਚੰਡੀਗੜ੍ਹ ਕਿਉਂ ਤਬਦੀਲ ਕੀਤੇ ਗਏ ਹਨ

ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਐਚ.ਐਸ. ਫੂਲਕਾ ਨੇ ਹੁਣ ਬਹਿਬਲ ਕਲਾਂ ਗੋਲੀਕਾਂਡ ਦੇ ਕੇਸ ਨੂੰ ਚੰਡੀਗੜ੍ਹ ਤਬਦੀਲ ਕਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੀ ਮਨਸ਼ਾ ’ਤੇ ਸਵਾਲ ਚੁੱਕਦਿਆਂ ਆਖਿਆ ਕਿ ਰਾਜ ਸਰਕਾਰ ਉਕਤ ਕੇਸ ਦੀ ਅਦਾਲਤ ਵਿਚ ਸਹੀ ਢੰਗ ਨਾਲ ਪੈਰਵਾਈ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਦਾਲਤ ਵਿਚ ਇਸ ਤਰ੍ਹਾਂ ਦੇ 6 ਕੇਸ ਲੱਗੇ ਸਨ ਪਰ ਉਨ੍ਹਾਂ ਨੇ ਇਸ ਮਾਮਲੇ ਵਿਚ ਡੱਟ ਕੇ ਪੈਰਵਾਈ ਕੀਤੀ ਤਾਂ ਅਦਾਲਤ ਵਲੋਂ ਮੁਲਜ਼ਮਾਂ ਦੀਆਂ ਪਟੀਸ਼ਨਾਂ ਨੂੰ ਰੱਦ ਕਰ ਦਿਤਾ ਗਿਆ ਸੀ। 

ਉਧਰ ਇਕ ਨਿੱਜੀ ਟੀ.ਵੀ. ਨਾਲ ਗੱਲਬਾਤ ਦੌਰਾਨ ਅੰਮ੍ਰਿਤਸਰ ਤੋਂ ਸੱਤਾਧਾਰੀ ‘ਆਪ’ ਦੇ ਵਿਧਾਇਕ ਅਤੇ ਉਕਤ ਮਾਮਲਿਆਂ ਦੀ ਪੜਤਾਲ ਦੌਰਾਨ ਐਸ.ਆਈ.ਟੀ. ਦੇ ਪ੍ਰਮੁੱਖ ਮੈਂਬਰ ਰਹੇ ਕੁੰਵਰਵਿਜੈ ਪ੍ਰਤਾਪ ਸਿੰਘ ਸਾਬਕਾ ਆਈਜੀ ਨੇ ਆਖਿਆ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਨੇ ਦਿਆਨਤਦਾਰੀ ਨਹੀਂ ਦਿਖਾਈ, ਜਿਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਨ੍ਹਾਂ ਦਾ ਰਵੱਈਆ ਦੋਸ਼ੀਆਂ ਪ੍ਰਤੀ ਨਰਮੀ ਵਾਲਾ ਹੋਵੇ।

ਉਨ੍ਹਾਂ ਕਿਹਾ ਕਿ ਫ਼ਰੀਦਕੋਟ ਤੋਂ ਉਕਤ ਮਾਮਲਾ ਚੰਡੀਗੜ੍ਹ ਤਬਦੀਲ ਹੋਣ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ ਕਿਉਂਕਿ ਗਵਾਹਾਂ ਨੂੰ ਚੰਡੀਗੜ੍ਹ ਪਹੁੰਚਣਾ ਔਖਾ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਕੀਤੀ ਗਈ ਜਾਂਚ ਨੂੰ ਅਦਾਲਤ ਨੇ ਸਹੀ ਕਰਾਰ ਦਿੱਤਾ ਸੀ। ਉਨ੍ਹਾਂ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀਆਂ ਵਿਸ਼ੇਸ਼ ਜਾਂਚ ਟੀਮਾ ਦੀ ਕਾਰਗੁਜ਼ਾਰੀ ’ਤੇ ਵੀ ਉਂਗਲ ਚੁੱਕੀ ਹੈ।

ਇਸੇ ਦੌਰਾਨ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਬਾਦਲ ਸਰਕਾਰ ਦੀ ਪੁਲਿਸ ਨੇ ਬਹਿਬਲ ਵਿਖੇ ਪਹਿਲਾਂ ਸੰਗਤ ਵੱਲੋਂ ਗੋਲੀ ਚੱਲੀ ਹੋਣ ਦਾ ਦਾਅਵਾ ਕੀਤਾ ਸੀ ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਕੀਤੀ ਪੜਤਾਲ ਵਿਚ ਸਾਹਮਣੇ ਆਇਆ ਕਿ ਸੰਗਤ ਵਲੋਂ ਕੋਈ ਹਮਲਾ ਨਹੀਂ ਹੋਇਆ, ਸਗੋਂ ਪੁਲਿਸ ਦੀ ਜਿਪਸੀ ’ਤੇ ਪੁਲਿਸ ਅਧਿਕਾਰੀਆਂ ਨੇ ਖ਼ੁਦ ਗੋਲੀਆਂ ਮਾਰ ਕੇ ਅਸਲ ਸਬੂਤ ਮਿਟਾ ਕੇ ਨਕਲੀ ਸਬੂਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਸਬੰਧੀ ਸਾਰੇ ਗਵਾਹਾਂ ਦੇ ਬਕਾਇਦਾ ਅਦਾਲਤ ਵਿੱਚ ਬਿਆਨ ਦਰਜ ਹੋਏ ਹਨ ਤੇ ਉਨ੍ਹਾਂ ਨੇ ਖ਼ੁਦ ਸਾਰੀ ਗੱਲ ਕਬੂਲ ਕੀਤੀ ਹੈ। ਨਿਆਮੀਵਾਲਾ ਨੇ ਹੈਰਾਨੀ ਪ੍ਰਗਟਾਈ ਕਿ ਜਦੋਂ ਸਾਰਾ ਕੁੱਝ ਅਦਾਲਤ ਦੇ ਸਾਹਮਣੇ ਸਪੱਸ਼ਟ ਹੈ ਤਾਂ ਇਕ ਮੁਲਜ਼ਮ ਦੀ ਅਰਜ਼ੀ ਦੇ ਆਧਾਰ ’ਤੇ ਕੇਸ ਨੂੰ ਚੰਡੀਗੜ੍ਹ ਅਦਾਲਤ ਵਿਚ ਤਬਦੀਲ ਕਰਨਾ ਸਮਝ ਤੋਂ ਬਾਹਰ ਦੀ ਗੱਲ ਹੈ।

Skip to content