ਚੰਡੀਗੜ੍ਹ 2 ਜੂਨ 2024 (ਫਤਿਹ ਪੰਜਾਬ) ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਵੱਲੋਂ ਸਾਲ 2022 ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਵਿਆਹ ਰਚਾਉਣ ਦਾ ਸਿਲਸਿਲਾ ਜਾਰੀ ਹੈ। ਪੰਜਾਬ ਵਿਧਾਨ ਸਭਾ ‘ਚ ਚੁਣ ਕੇ ਆਏ ‘ਆਪ’ ਦੇ 11 ਵਿਧਾਇਕ 35 ਸਾਲ ਤੋਂ ਘੱਟ ਉਮਰ ਦੇ ਹਨ।
ਸਰਕਾਰ ਦੇ ਢਾਈ ਸਾਲਾਂ ਦੌਰਾਨ ਮੁੱਖ ਮੰਤਰੀ, ਤਿੰਨ ਕੈਬਨਿਟ ਮੰਤਰੀ, ਪੰਜ ਵਿਧਾਇਕਾਂ ਅਤੇ ਇੱਕ ਰਾਜ ਸਭਾ ਮੈਂਬਰ ਨੇ ਆਪਣਾ ਵਿਆਹੁਤਾ ਜੀਵਨ ਸ਼ੁਰੂ ਕੀਤਾ ਹੈ।
ਹੁਣ 16 ਜੂਨ 2024 ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਕੌਰ ਮਾਨ ਵੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਖੁਦ ਮੁੱਖ ਮੰਤਰੀ ਭਗਵੰਤ ਮਾਨ (50 ਸਾਲ) ਨੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੀ ਰਹਿਣ ਵਾਲੀ ਡਾਕਟਰ ਗੁਰਪ੍ਰੀਤ ਕੌਰ ਨਾਲ 7 ਜੁਲਾਈ 2022 ਨੂੰ ਵਿਆਹ ਕਰਵਾਇਆ ਹੈ ਤੇ ਮਾਨ ਦਾ ਇਹ ਦੂਜਾ ਵਿਆਹ ਹੈ।
ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (33 ਸਾਲ) ਦਾ ਮੇਰਠ ਦੀ ਰੇਡੀਓਲੋਜਿਸਟ ਡਾਕਟਰ ਗੁਰਵੀਨ ਕੌਰ ਨਾਲ 7 ਨਵੰਬਰ 2023 ਨੂੰ ਹੋਇਆ ਹੈ।
ਹਰਜੋਤ ਸਿੰਘ ਬੈਂਸ (32 ਸਾਲ) ਨੇ ਗੁੜਗਾਓਂ-ਨਿਵਾਸੀ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ 25 ਮਾਰਚ 2023 ਵਿਆਹ ਕਰਵਾਇਆ ਹੈ ਜੋ ਇਸ ਸਮੇਂ ਪੰਜਾਬ ਵਿੱਚ ਸੁਪਰਡੈਂਟ ਪੁਲਿਸ ਵਜੋਂ ਤਾਇਨਾਤ ਹੈ ਤੇ ਯੋਗ ਦੰਦਾਂ ਦੀ ਡਾਕਟਰ ਵੀ ਹੈ।
ਸੱਤਾਧਾਰੀ ਪਾਰਟੀ ਆਪ ਵੱਲੋਂ ਜਿੱਤਣ ਪਿੱਛੋਂ ਵਿਆਹ ਰਚਾਉਣ ਵਾਲੇ ਪੰਜ ਵਿਧਾਇਕ ਹਨ ਜਿਨ੍ਹਾਂ ਵਿੱਚ ਨਰਿੰਦਰ ਕੌਰ ਭਰਾਜ (29 ਸਾਲ) ਨੇ ‘ਆਪ’ ਵਾਲੰਟੀਅਰ ਮਨਦੀਪ ਸਿੰਘ ਲੱਖੇਵਾਲ ਨਾਲ 6 ਅਕਤੂਬਰ 2022 ਨੂੰ ਕਰਵਾਇਆ ਹੈ। ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਵਿਧਾਇਕ ਰਣਵੀਰ ਸਿੰਘ ਭੁੱਲਰ (62 ਸਾਲ) ਦਾ ਵਿਆਹ ਸੰਗਰੂਰ ਨਿਵਾਸੀ ਡਾ. ਅਮਨਦੀਪ ਕੌਰ ਗੌਸਲ ਨਾਲ 30 ਜਨਵਰੀ 2023 ਨੂੰ, ਫਾਜ਼ਿਲਕਾ ਹਲਕੇ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦਾ ਆਪਣੇ ਸਕੂਲ ਦੀ ਸਾਥਣ ਖੁਸ਼ਬੂ ਸਾਵਨਸੁਖ ਨਾਲ 26 ਜਨਵਰੀ 2023 ਨੂੰ, ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਧਾਰਮਿਕ ਆਗੂ ਸੰਤ ਬਾਬਾ ਰੇਸ਼ਮ ਸਿੰਘ ਚੱਕ ਪੱਖੀ ਵਾਲੇ ਦੀ ਪੋਤੀ ਰਾਜਵੀਰ ਕੌਰ ਨਾਲ 2 ਅਪ੍ਰੈਲ 2023 ਨੂੰ ਜਦਕਿ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੀੜਿੰਗ ਦਾ ਵਿਆਹ ਰਮਨ ਸੰਧੂ ਨਾਲ ਦਸੰਬਰ 2023 ਵਿੱਚ ਹੋਇਆ ਹੈ।
ਇਸੇ ਦੌਰਾਨ ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਵਿਆਹ ਬਾਲੀਵੁੱਡ ਸਟਾਰ ਪਰਿਣੀਤੀ ਚੋਪੜਾ ਨਾਲ 24 ਸਤੰਬਰ 2024 ਨੂੰ ਹੋਇਆ ਹੈ।
ਇੰਨਾਂ ਵਿਧਾਇਕਾਂ ਤੋਂ ਪਹਿਲਾਂ ਤਲਵੰਡੀ ਸਾਬੋ ਤੋਂ ਪ੍ਰੋ: ਬਲਜਿੰਦਰ ਕੌਰ ਨੇ ਆਪ ਦੇ ਯੂਥ ਵਿੰਗ ਦੇ ਆਗੂ ਸੁਖਰਾਜ ਸਿੰਘ ਬੱਲ ਨਾਲ ਫਰਵਰੀ 2019 ਵਿੱਚ ਵਿਆਹ ਕਰਵਾ ਲਿਆ ਸੀ ਜਦਕਿ ਹਲਕਾ ਬਠਿੰਡਾ ਦਿਹਾਤੀ ਤੋਂ ਰਾਜਿੰਦਰ ਕੌਰ ਰੂਬੀ ਨੇ ਬਠਿੰਡਾ ਨਿਵਾਸੀ ਤੇ ਸਿਹਤ ਵਿਭਾਗ ਦੇ ਐਜੂਕੇਟਰ ਅਫਸਰ ਸਾਹਿਲ ਪੁਰੀ ਨਾਲ 11 ਅਕਤੂਬਰ 2018 ਕਰਵਾਇਆ ਸੀ।