ਚੰਡੀਗੜ੍ਹ 7 ਜੂਨ 2024 (ਫਤਿਹ ਪੰਜਾਬ) Kangana Ranaut ਕੰਗਨਾ ਰਣੌਤ ਨਾਲ ਚੰਡੀਗੜ੍ਹ ਹਵਾਈ ਅੱਡੇ ਉੱਪਰ ਧੱਪੜ ਦੇ ਮਾਮਲੇ ਵਿੱਚ ਬਿਆਨ ਜਾਰੀ ਕਰਦਿਆਂ ‘ਪੋਰਸ ਦਾ ਪੰਜਾਬ’ ਦੇ ਮੁੱਖੀ ਮਹੰਤ ਰਵੀ ਕਾਂਤ ਮੁਨੀ ਨੇ ਕਿਹਾ ਕਿ CISF ਦੀ constable ਭੈਣ ਕੁਲਵਿੰਦਰ ਕੌਰ ਕੰਗਨਾ ਦੀ ਨਿਜੀ ਸੁਰੱਖਿਆ ਮੁਲਾਜ਼ਮ ਨਹੀਂ ਸੀ ਬਲਕਿ ਉਹ ਏਅਰਪੋਰਟ ਦੀ ਸੁਰੱਖਿਆ ਲਈ ਤੈਨਾਤ ਸੀ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਅਜਿਹੇ ਵਾਕੇ ਹੋਏ ਨੇ ਜਿੱਥੇ ਰੇਲਵੇ, ਏਅਰਲਾਈਨਜ਼, ਟਰਾਂਸਪੋਰਟ ਵਰਗੇ ਮਹਿਕਮਿਆਂ ਦੇ ਸਟਾਫ ਵਲੋਂ ਯਾਤਰੀਆਂ ਨਾਲ ਕੁੱਟਮਾਰ ਹੋਈ ਹੈ। ਇਸ ਕਰਕੇ ਕੌਣ ਸਹੀ ਤੇ ਕੌਣ ਗਲਤ ਹੈ ਇਹ ਕਾਨੂੰਨ ਦਾ ਕੰਮ ਹੈ ਤੇ ਕਾਨੂੰਨ ਨੂੰ ਹੀ ਕਰਨ ਦਿਓ।
ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੱਤਵਾਦ ਨਾਲ ਜੋੜਨਾ ਜਾਂ ਇਸਦੀ ਤੁਲਨਾ ਇੰਦਰਾ ਗਾਂਧੀ ਦੇ ਕਾਤਲਾਂ ਸਤਵੰਤ ਸਿੰਘ, ਬੇਅੰਤ ਸਿੰਘ ਆਦਿ ਨਾਲ ਕਰਨਾ ਵੀ ਪੁਰੀ ਤਰਾਂ ਗਲਤ ਹੈ। ਮੁਨੀ ਜੀ ਨੇ ਕਿਹਾ ਇਹ ਪਹਿਲੀ ਘਟਨਾ ਨਹੀਂ ਜਦੋਂ ਕਿਸੇ ਦੇ ਰਾਜਨੀਤਕ ਬਿਆਨਾਂ ਕਰਕੇ ਕਿਸੇ ਨੇ ਉਸਦੇ ਥੱਪੜ ਮਾਰਿਆ ਹੋਵੇ। ਇਸ ਤੋਂ ਪਹਿਲਾਂ ਪੀ. ਚਿਦੰਬਰਮ, ਅਰਵਿੰਦ ਕੇਜਰੀਵਾਲ, ਪ੍ਰਸ਼ਾਂਤ ਭੂਸ਼ਨ, ਕਨ੍ਹਈਆ ਕੁਮਾਰ ਵਰਗੇ ਲੋਕਾਂ ਨਾਲ ਪਹਿਲਾਂ ਹੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।
ਉਨ੍ਹਾਂ ਕਿਹਾ ਕਿ ਹਰ ਗੱਲ ਨੂੰ ਧਰਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਜਿਹੜੀਆਂ ਹਿੰਦੂ ਜਾਂ ਸਿੱਖ ਜਥੇਬੰਦੀਆਂ ਜਾਂ ਮੀਡੀਆ ਅਦਾਰੇ ਜਾਂ ਹੋਰ ਇਸ ਘਟਨਾ ਨੂੰ ਕਿਸੇ ਧਰਮ ਨਾਲ ਜੋੜ ਰਹੇ ਹਨ ਉਹ ਅਸਲ ਵਿੱਚ ਪੰਜਾਬ ਦੇ ਦੁਸ਼ਮਣ ਹਨ ਅਤੇ ਪੰਜਾਬ ਵਿੱਚ ਪੰਜਾਬੀਆਂ ਦੀ ਆਪਸੀ ਭਾਈਚਾਰਕ ਸਾਂਝ ਤੋੜਨਾ ਚਾਹੁੰਦੇ ਹਨ।
ਸਵਾਮੀ ਮੁਨੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੀ ਆੜ ਵਿੱਚ ਛਿਪ ਕੇ ਅਜਿਹੇ ਲੋਕ ਆਪਣੀਆਂ ਘਟੀਆ ਹਰਕਤਾਂ ਪਹਿਲਾਂ ਵੀ ਕੀਤੀਆਂ ਅਤੇ ਪੰਜਾਬ ਦੇ ਹਿੰਦੂ-ਸਿੱਖਾਂ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਕਰਕੇ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਇਸ ਬਾਰੇ ਖੁੱਲ ਕੇ ਬੋਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਢਾਲ ਬਣਕੇ ਆਪਣਾ ਲਹੂ ਦੇ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਚਾਹੇ ਉਹ 2300 ਸਾਲ ਪਹਿਲਾਂ ਸਿਕੰਦਰ ਦਾ ਸਮਾਂ ਹੋਵੇ ਜਾਂ ਮੁਗਲਾਂ ਦਾ ਜਾਂ ਹੋਰ ਬਾਹਰਲੇ ਹਮਲਾਵਰਾਂ ਦਾ। ਅਜਾਦੀ ਅੰਦੋਲਨ ਅਤੇ ਅਜਾਦੀ ਤੋਂ ਬਾਅਦ ਵੀ ਇਸ ਦੇਸ਼ ਦੀ ਖਾਤਿਰ ਸਭ ਤੋਂ ਵੱਧ ਲਹੂ ਪੰਜਾਬੀਆਂ ਦਾ ਹੀ ਡੁੱਲਿਆ ਹੈ। ਇਸ ਕਰਕੇ ਪੰਜਾਬੀ ਅੱਤਵਾਦੀ ਨਹੀਂ ਦੇਸ਼ ਭਗਤ ਹਨ। ਇਸ ਲਈ ਮੂੰਹ ਉਤੇ ਇੱਕ ਚਪੇੜ ਵੱਜਣ ਕਰਕੇ ਪੰਜਾਬੀਆਂ ਨੂੰ ਅੱਤਵਾਦੀਆਂ ਦਾ ਸਰਟੀਫਿਕੇਟ ਦੇਣਾ ਬਿਲਕੁਲ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਜਾਂ ਸਮੂਹ ਨੂੰ ਇਹਨਾਂ ਗੱਲਾਂ ਉਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।