ਵੋਟਾਂ 10 ਜੁਲਾਈ ਨੂੰ – ਚੋਣ ਜ਼ਾਬਤਾ ਲਾਗੂ

ਚੰਡੀਗੜ੍ਹ, 10 ਜੂਨ 2024 (ਫਤਿਹ ਪੰਜਾਬ) Election Commission of India ਭਾਰਤ ਦੇ ਚੋਣ ਕਮਿਸ਼ਨ ਨੇ ਬਿਹਾਰ, ਪੱਛਮੀ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ 13 ਵਿਧਾਨ ਸਭਾ ਹਲਕਿਆਂ ਵਿੱਚ ਖਾਲੀ ਹੋਈਆਂ ਸੀਟਾਂ ਨੂੰ ਭਰਨ ਲਈ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਜ਼ਿਮਨੀ ਚੋਣਾਂ ਦੌਰਾਨ ਬਿਹਾਰ ਦੀ ਇਕ, ਬੰਗਾਲ ਵਿੱਚ 4, ਤਾਮਿਲਨਾਡੂ ਦੀ 1, ਮੱਧ ਪ੍ਰਦੇਸ਼ ਦੀ 1, ਉੱਤਰਾਖੰਡ ਦੀ 2, ਪੰਜਾਬ ਦੀ 1 ਅਤੇ ਹਿਮਾਚਲ ਵਿੱਚ 3 ਸੀਟਾਂ ‘ਤੇ ਵੋਟਾਂ ਪੈਣਗੀਆਂ। 

ਚੋਣ ਕਮਿਸ਼ਨ ਮੁਤਾਬਕ ਜਲੰਧਰ ਸਮੇਤ ਉਪਰੋਕਤ ਰਾਜਾਂ ਦੇ ਦਰਸਾਏ ਹਲਕਿਆਂ ਵਿੱਚ 10 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਨੋਟੀਫਿਕੇਸ਼ਨ 14 ਜੂਨ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਜੂਨ ਹੋਵੇਗੀ ਜਦਕਿ ਕਾਗਜਾਂ ਦੀ ਪੜਤਾਲ 24 ਜੂਨ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 26 ਜੂਨ ਰੱਖੀ ਗਈ ਹੈ। 10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 13 ਜੁਲਾਈ ਨੂੰ ਨਤੀਜੇ ਆਉਣਗੇ।

ਜ਼ਿਕਰਯੋਗ ਹੈ ਕਿ 34-ਜਲੰਧਰ ਪੱਛਮੀ (ਐਸ.ਸੀ) ਦੇ ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਾਣਕਾਰੀ ਦਿੱਤੀ ਹੈ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਉਕਤ ਚੋਣ ਪ੍ਰੋਗਰਾਮ ਮੁਤਾਬਿਕ ਜਲੰਧਰ ਪੱਛਮੀ (ਐਸ.ਸੀ) ਦੀ ਜ਼ਿਮਨੀ ਚੋਣ ਲਈ ਵੀ 10 ਜੁਲਾਈ ਨੂੰ ਵੋਟਾਂ ਪੈਣਗੀਆਂ। 

ਉਨਾਂ ਦੱਸਿਆ ਕਿ ਜ਼ਿਮਨੀ ਚੋਣ ਦੇ ਐਲਾਨ ਦੇ ਨਾਲ ਹੀ ਅੱਜ ਤੋਂ ਯਾਨੀ ਕਿ ਸੋਮਵਾਰ ਤੋਂ ਜਲੰਧਰ ਪੱਛਮੀ ਹਲਕੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਹ ਜ਼ਾਬਤਾ 15 ਜੁਲਾਈ ਸੋਮਵਾਰ ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ।

Skip to content