ਚੰਡੀਗੜ੍ਹ 14 ਜੂਨ 2024 (ਫਤਿਹ ਪੰਜਾਬ) ਲੋਕ ਸਭਾ ਚੋਣਾਂ 2024 ਦੌਰਾਨ ਗੁਰਦਾਸਪੁਰ ਹਲਕੇ ਤੋਂ ਜਿੱਤੇ ਕਾਂਗਰਸ ਦੇ MLA ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਆਪਣੀ ਵਿਧਾਇਕੀ ਛੱਡ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫ਼ਾ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ 4 ਮੌਜੂਦਾ ਵਿਧਾਇਕ ਅਤੇ ਲੋਕ ਸਭਾ ਮੈਂਬਰ ਚੁਣੇ ਗਏ ਹਰਿਆਣਾ ਵਿਧਾਨ ਸਭਾ ਦੇ ਇੱਕ ਵਿਧਾਇਕ ਨੂੰ 20 ਜੂਨ ਤੋਂ ਪਹਿਲਾਂ ਅਸਤੀਫਾ ਦੇਣਾ ਪਵੇਗਾ ਕਿਉਂਕਿ ਸਮਕਾਲੀ ਮੈਂਬਰਸ਼ਿਪ ਨਿਯਮਾਂ ਦੀ ਮਨਾਹੀ ਦੇ ਨਿਯਮ 2 ਦੇ ਤਹਿਤ ਇਹ ਕਾਨੂੰਨੀ ਤੌਰ ‘ਤੇ ਲਾਜ਼ਮੀ ਹੈ।
ਉਧਰ ਹੁਸ਼ਿਆਰਪੁਰ ਹਲਕੇ ਤੋਂ ਲੋਕ ਸਭਾ ਚੋਣ ਜਿੱਤੇ ਰਾਜਕੁਮਾਰ ਚੱਬੇਵਾਲ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ MLA ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਲੋਕ ਸਭਾ ਜਿੱਤਣ ਤੋਂ ਬਾਅਦ ਗਿੱਦੜਬਾਹਾ ਵਿਧਾਨ ਸਭਾ ਤੋਂ ਅਤੇ ਸੰਗਰੂਰ ਹਲਕੇ ਤੋਂ ਜੇਤੂ ਰਹੇ ਬਰਨਾਲਾ ਤੋਂ ਮੌਜੂਦਾ ਐਮਐਲਏ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਜਲਦ ਅਸਤੀਫਾ ਦੇਣਗੇ।
ਨਿਯਮ ਕੀ ਕਹਿੰਦੇ ਨੇ
ਸਮਕਾਲੀ ਮੈਂਬਰਸ਼ਿਪ ਨਿਯਮ, 1950 ਦੀ ਮਨਾਹੀ ਦੀ ਵਿਵਸਥਾ ਦੇ ਅਨੁਸਾਰ, ਜੋ ਕਿ ਭਾਰਤੀ ਸੰਵਿਧਾਨ ਦੀ ਧਾਰਾ 101 ਦੀ ਧਾਰਾ (2) ਅਤੇ ਧਾਰਾ 190 ਦੀ ਧਾਰਾ (2) ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਬਣਾਏ ਗਏ ਹਨ, ਹਰ ਉਸ ਮੈਂਬਰ ਨੂੰ 14 ਦਿਨਾਂ ਦੇ ਅੰਦਰ ਵਿਧਾਨ ਸਭਾ ਸੀਟ ਤੋਂ ਆਪਣਾ ਅਸਤੀਫਾ ਦੇਣਾ ਪੈਂਦਾ ਹੈ। ਨਹੀਂ ਤਾਂ, ਵਿਧਾਨ ਸਭਾ ਅਤੇ ਸੰਸਦ ਦੋਵਾਂ ਦਾ ਮੈਂਬਰ ਹੋਣ ਵਾਲਾ ਵਿਅਕਤੀ ਲੋਕ ਸਭਾ ਦੀ ਮੈਂਬਰਸ਼ਿਪ ਗੁਆ ਦੇਵੇਗਾ।