ਵਿਧਾਨ ਸਭਾ ਚੋਣਾਂ ਹਾਰਨ ਪਿੱਛੋਂ ਦੂਜੀ ਵਾਰ ਕਰਨਗੇ ਅਜਿਹੀ ਮੀਟਿੰਗ

ਚੰਡੀਗੜ੍ਹ, 15 ਜੂਨ 2024 (ਫਤਿਹ ਪੰਜਾਬ) Shiromani Akali Dal SAD ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਮਾੜੇ ਨਤੀਜਿਆਂ ਅਤੇ ਪਾਰਟੀ ਵਿੱਚ ਉੱਠ ਰਹੀਆਂ ਬਗਾਵਤੀ ਸੁਰਾਂ ਦੇ ਮੱਦੇਨਜਰ ਕੋਰ ਕਮੇਟੀ ਨਾਲ ਮੀਟਿੰਗ ਪਿੱਛੋਂ ਹੁਣ ਪਾਰਟੀ ਵਿੱਚ ਸੁਧਾਰਾਂ ਲਈ ਆਲੋਚਕਾਂ ਸਮੇਤ ਖਾਸ ਤੌਰ ’ਤੇ ਪੰਥਕ ਝੁਕਾਅ ਰੱਖਣ ਵਾਲੇ ਚਿੰਤਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਤੋਂ ਰਾਇ ਲੈਣ ਲਈ ਮੀਟਿੰਗਾਂ ਕਰਨਗੇ। 

ਅਜਿਹੀ ਮੀਟਿੰਗ ਉਹ ਦੂਜੀ ਵਾਰ ਕਰਨ ਜਾ ਰਹੇ ਹਨ ਤਾਂ ਜੋ ਪਾਰਟੀ ਦੇ 104 ਸਾਲਾ ਅਮੀਰ ਵਿਰਸੇ ਦੀ ਰੋਸ਼ਨੀ ਵਿਚ ਇਸਦੀ ਸੋਚ ਅਤੇ ਭਵਿੱਖੀ ਟੀਚਿਆਂ ਅਨੁਸਾਰ ਸੁਧਾਰ ਕੀਤੇ ਜਾ ਸਕਣ। ਯਾਦ ਰਹੇ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਸ਼ਰਮਨਾਕ ਹਾਰ ਪਿੱਛੋਂ ਵੀ ਉੱਨਾਂ ਨੇ ਨਵੰਬਰ 2023 ਵਿੱਚ ਇਸੇ ਤਰਾਂ ਮੀਟਿੰਗ ਕਰਕੇ ਵਿਦਵਾਨਾਂ ਤੇ ਬੁੱਧੀਜੀਵੀਆਂ ਤੋਂ ਰਾਇ ਲਈ ਸੀ ਪਰ ਉਸ ਮੀਟਿੰਗ ਦੇ ਕੀ ਨਤੀਜੇ ਨਿੱਕਲੇ ਇਸ ਬਾਰੇ ਹਾਲੇ ਤੱਕ ਕੋਈ ਜਨਤਕ ਜਾਣਕਾਰੀ ਸਾਹਮਣੇ ਨਹੀਂ ਆਈ। 

ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਕ ਬਿਆਨ ਵਿਚ ਦੱਸਿਆ ਕਿ ਸੁਖਬੀਰ ਬਾਦਲ ਆਉਂਦੇ ਹਫਤਿਆਂ ਵਿਚ ਇਸ ਮਾਮਲੇ ਵਿਚ ਸਮੂਹਿਕ ਅਤੇ ਵਿਅਕਤੀਗਤ ਤੌਰ ’ਤੇ ਮੁਲਾਕਾਤਾਂ ਕਰ ਕੇ ਨਿੱਜੀ ਰਾਇ ਲੈਣਗੇ। ਉੱਨਾਂ ਦੱਸਿਆ ਕਿ ਸਰਦਾਰ ਬਾਦਲ ਪਾਰਟੀ ਦੇ ਅਮੀਰ ਵਿਰਸੇ ਤੇ ਪੰਥ, ਪੰਜਾਬ ਤੇ ਪਾਰਟੀ ਦੇ ਭਵਿੱਖ ਦਰਮਿਆਨ ਅਨਿਖੜਵੇਂ ਲਿੰਕ ਨੂੰ ਮਜ਼ਬੂਤ ਕਰਨ ਦੇ ਇੱਛੁਕ ਹਨ ਤਾਂ ਜੋ ਪੁਰਾਤਨ ਪੰਥਕ ਪਾਰਟੀ ਰਾਜ ਦੇ ਗਰੀਬਾਂ, ਦਬੇ-ਕੁਚਲਿਆਂ ਤੇ ਸਮਾਜ ਦੇ ਅਣਗੌਲੇ ਵਰਗਾਂ ਵਾਸਤੇ ਮਹਾਨ ਗੁਰੂ ਸਾਹਿਬਾਨ, ਸੰਤਾਂ ਤੇ ਮਹਾਂਪੁਰਖਾਂ ਵੱਲੋਂ ਦਰਸਾਏ ਮਾਰਗ ਅਨੁਸਾਰ ਕੰਮ ਕਰ ਸਕੇ।

Skip to content