ਜਾਅਲੀ ਬਿੱਲਾਂ ਰਾਹੀਂ ਗਰਾਂਟਾਂ ਛਕਣ ਵਾਲੇ ਚਾਰ ਫਰਮਾਂ ਦੇ ਮਾਲਕਾਂ ਦੀ ਗ੍ਰਿਫ਼ਤਾਰੀ ਬਾਕੀ 

ਚੰਡੀਗੜ, 11 ਅਗਸਤ, 2024 2024 (ਫਤਿਹ ਪੰਜਾਬ) ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਅਮਲੋਹ ਤੇ ਇਲਾਕੇ ਦੀਆਂ ਪੰਚਾਇਤਾਂ ਨੂੰ ਜਾਰੀ ਸਰਕਾਰੀ ਫੰਡਾਂ ਵਿੱਚ 40,85,175 ਰੁਪਏ ਦੀ ਕਰਨ ਹੇਰਾਫੇਰੀ ਦੇ ਦੋਸ਼ ਹੇਠ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਰਹੇ ਡੀ.ਡੀ.ਪੀ.ਓ. ਕੁਲਵਿੰਦਰ ਸਿੰਘ ਰੰਧਾਵਾ ਅਤੇ ਇੱਕ ਆਮ ਵਿਅਕਤੀ ਹੰਸਪਾਲ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਘਪਲੇਬਾਜੀ ਸਬੰਧੀ ਅਮਲੋਹ ਦੇ ਉਕਤ ਤੱਤਕਾਲੀ ਬੀ.ਡੀ.ਪੀ.ਓ. ਕੁਲਵਿੰਦਰ ਸਿੰਘ ਰੰਧਾਵਾ (ਹੁਣ ਡੀ.ਡੀ.ਪੀ.ਓ) ਤੋਂ ਇਲਾਵਾ ਚਾਰ ਫਰਮਾਂ ਦੇ ਮਾਲਕਾਂ ਵਿਰੁੱਧ ਵਿਜੀਲੈਂਸ ਥਾਣਾ ਪਟਿਆਲਾ ਰੇਂਜ ਵਿਖੇ ਆਈ.ਪੀ.ਸੀ. ਦੀ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਤੇ 13 (2) ਤਹਿਤ ਐਫ.ਆਈ.ਆਰ. ਨੰਬਰ 37 ਮਿਤੀ 09.08.2024 ਦਰਜ ਕੀਤੀ ਗਈ ਹੈ। 

ਦੱਸਣਯੋਗ ਹੈ ਕਿ ਉਕਤ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਕੁੱਝ ਪ੍ਰਾਈਵੇਟ ਫਰਮਾਂ ਅਤੇ ਇੱਕ ਨਿੱਜੀ ਵਿਅਕਤੀ ਦੇ ਨਾਂ ‘ਤੇ ਜਾਅਲੀ ਫੰਡ ਜਾਰੀ ਕਰਕੇ ਸਰਕਾਰੀ ਫੰਡਾਂ ਵਿੱਚ 40,85,175 ਰੁਪਏ ਦੀ ਹੇਰਾਫੇਰੀ ਕੀਤੀ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਰੰਧਾਵਾ (ਤਤਕਾਲੀ ਬੀਡੀਪੀਓ ਅਮਲੋਹ) ਅਤੇ ਇੱਕ ਆਮ ਵਿਅਕਤੀ ਹੰਸਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। 

ਮਿਲੀਭੁਗਤ ਕਰਕੇ ਜਾਅਲੀ ਬਿੱਲਾਂ ਨਾਲ ਸਰਕਾਰੀ ਗਰਾਂਟਾਂ ਛਕਣ ਵਾਲੇ ਬਾਕੀ ਚਾਰ ਫਰਮਾਂ ਦੇ ਮਾਲਕਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Skip to content