ਸਾਨੂੰ ਅਮਨ-ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀ ਭਾਜਪਾ ਪਹਿਲਾਂ ਆਪਣੀ ਪੀੜ੍ਹੀ ਹੇਠਾ ਸੋਟਾ ਫੇਰੇ
ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਸਿਆਸੀ ਮੈਦਾਨ ਤੋਂ ‘ਲਾਪਤਾ’ ਹੋਏ ਬਾਜਵਾ ਤੇ ਜਾਖੜ
ਬਾਬਾ ਬਕਾਲਾ, 19 ਅਗਸਤ 2024 (ਫਤਿਹ ਪੰਜਾਬ) ਪੰਜਾਬਪ੍ਰਸਤ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਥ ਦੇ ਨਾਮ ਉਤੇ ਵੋਟਾਂ ਮੰਗਣ ਵਾਲੀ ਇਸ ਪਾਰਟੀ ਨੇ ਸੰਸਦ ਵਿੱਚ ਕਦੇ ਵੀ ਪੰਜਾਬ ਦੀ ਗੱਲ ਨਹੀਂ ਕੀਤੀ।
ਰੱਖੜ ਪੁੰਨਿਆ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਥ ਦੇ ਨਾਮ ਉਤੇ ਵੋਟਾਂ ਲੈ ਕੇ ਸੱਤਾ ਦਾ ਸੁਖ ਭੋਗਣ ਵਾਲੀ ਪਾਰਟੀ ਦੇ ਆਗੂ ਸੰਸਦ ਵਿੱਚ ਪੰਜਾਬ ਦੇ ਮਸਲਿਆਂ ਉਤੇ ਮੂਕ ਦਰਸ਼ਕ ਬਣੇ ਰਹੇ। ਮੁੱਖ ਮੰਤਰੀ ਨੇ ਕਿਹਾ, “ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਅਕਾਲੀ ਦਲ ਨੇ ਕਦੇ ਵੀ ਸਾਹਿਬਜ਼ਾਦਿਆਂ ਨੂੰ ਸੰਸਦ ਵਿੱਚ ਸਤਿਕਾਰ ਭੇਟ ਬਾਰੇ ਅਰਜ਼ੀ ਤੱਕ ਨਹੀਂ ਦਿੱਤੀ ਜਦਕਿ ਇਹ ਪਾਰਟੀ ਪੰਥਪ੍ਰਸਤ ਅਤੇ ਪੰਜਾਬਪ੍ਰਸਤ ਹੋਣ ਦਾ ਦਾਅਵਾ ਕਰਦੀ ਹੈ। ਪੰਜਾਬ ਦੇ ਮਸਲਿਆਂ ਬਾਰੇ ਇਨ੍ਹਾਂ ਕੋਲੋਂ ਹੋਰ ਕੀ ਉਮੀਦ ਰੱਖੀ ਜਾ ਸਕਦੀ ਹੈ।”
ਪੰਜਾਬ ਨੂੰ ਅਮਨ-ਕਾਨੂੰਨ ਦੀ ਵਿਵਸਥਾ ਦਾ ਪਾਠ ਪੜ੍ਹਾਉਣ ਵਾਲੀ ਭਾਜਪਾ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਕਿਸੇ ਉਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨੂੰ ਰਾਮ ਨੌਮੀ ਵਰਗੇ ਤਿਉਹਾਰਾਂ ਮੌਕੇ ਕਰਫਿਊ ਲਾਉਣੇ ਪੈਂਦੇ ਹਨ ਜੋ ਉੱਥੋਂ ਦੀ ਬਦਤਰ ਅਮਨ-ਕਾਨੂੰਨ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਨੇ ਭਾਜਪਾ ਨੂੰ ਹਰਿਆਣਾ ਦੇ ਨੂਹ ਇਲਾਕੇ ਵਿੱਚ ਲੱਗੇ ਕਰਫਿਊ ਦਾ ਵੀ ਚੇਤਾ ਕਰਵਾਇਆ। ਮੁੱਖ ਮੰਤਰੀ ਨੇ ਕਿਹਾ, “ਭਾਜਪਾ ਵਾਲੇ ਮੈਨੂੰ ਅਮਨ-ਕਾਨੂੰਨ ਦੀਆਂ ਨਸੀਹਤਾਂ ਦਿੰਦੇ ਹਨ। ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਪੰਜਾਬ ਵਿੱਚ ਸਾਰੇ ਧਰਮਾਂ ਦੇ ਤਿਉਹਾਰ ਸਾਂਝੇ ਤੌਰ ਉਤੇ ਮਨਾਏ ਜਾਂਦੇ ਹਨ। ਮੇਰੇ ਕਾਰਜਕਾਲ ਦੌਰਾਨ ਇਕ ਦਿਨ ਵੀ ਇੱਥੇ ਕਰਫਿਊ ਨਹੀਂ ਲੱਗਿਆ।”
ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਸਿਆਸੀ ਗੁਮਨਾਮੀ ਵਿੱਚ ਜਾਣ ਵਾਲੇ ਵਿਰੋਧੀ ਆਗੂਆਂ ਉਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਚੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਏਨਾ ਵੱਡਾ ਝਟਕਾ ਲੱਗਾ ਹੈ ਕਿ ਉਹ ਸਿਆਸੀ ਖੇਤਰ ਵਿੱਚੋਂ ‘ਲਾਪਤਾ’ ਹੀ ਹੋ ਗਏ ਹਨ।
ਸਿੱਖਿਆ ਅਤੇ ਸਿਹਤ ਖੇਤਰ ਵਿੱਚ ‘ਮਜਬੂਰੀ ਨੂੰ ਮਰਜ਼ੀ ਵਿੱਚ ਬਦਲਣ’ ਦਾ ਵਾਅਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਇਹ ਲੋਕਾਂ ਦੀ ਮਰਜ਼ੀ ਹੋਵੇਗੀ ਕਿ ਉਹ ਆਪਣਾ ਬੱਚਾ ਸਰਕਾਰੀ ਸਕੂਲ ਵਿੱਚੋਂ ਪੜ੍ਹਾਉਣ ਜਾਂ ਪ੍ਰਾਈਵੇਟ ਸਕੂਲ ਵਿੱਚੋਂ, ਪੜ੍ਹਾਈ ਦਾ ਪੱਧਰ ਬਰਾਬਰ ਹੋਵੇਗਾ ਪਰ ਫਰਕ ਸਿਰਫ ਏਨਾ ਹੋਵੇਗਾ ਕਿ ਸਰਕਾਰੀ ਸਕੂਲਾਂ ਵਿੱਚ ਕੋਈ ਫੀਸ ਨਹੀਂ ਲਈ ਜਾਵੇਗੀ। ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਮੁਫ਼ਤ ਇਲਾਜ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਸੂਬਾ ਭਰ ਵਿੱਚ 842 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ ਜਿਨ੍ਹਾਂ ਨੇ ਸਿਹਤ ਖੇਤਰ ਵਿੱਚ ਨਵੀਂ ਕ੍ਰਾਂਤੀ ਦੀ ਨੀਂਹ ਰੱਖੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 2 ਕਰੋੜ ਤੋਂ ਵੱਧ ਲੋਕ ਇਨ੍ਹਾਂ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਅਤੇ ਇਨ੍ਹਾਂ ਕਲੀਨਿਕਾਂ ਵਿੱਚ ਹਰ ਰੋਜ਼ ਆਉਂਦੇ 95 ਫੀਸਦੀ ਮਰੀਜ਼ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 30 ਹੋਰ ਅਜਿਹੇ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰ ਨੇੜੇ ਬਿਹਤਰ ਸਿਹਤ ਸਹੂਲਤਾਂ ਹਾਸਲ ਹੋਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2022 ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਸਹੂਲਤ ਸ਼ੁਰੂ ਕੀਤੀ ਸੀ ਅਤੇ ਇਸ ਵੇਲੇ 90 ਫੀਸਦੀ ਘਰਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਹੋਰ ਵੀ ਤਸੱਲੀ ਵਾਲੀ ਗੱਲ ਹੈ ਕਿ ਘਰੇਲੂ ਬਿਜਲੀ ਦੇ ਨਾਲ-ਨਾਲ ਖੇਤਾਂ ਨੂੰ ਵੀ ਨਿਰਵਿਘਨ ਬਿਜਲੀ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਸਿਰਫ਼ 880 ਦਿਨਾਂ ਦੇ ਕਾਰਜਕਾਲ ਵਿੱਚ ਸੂਬੇ ਦੇ 44700 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ ਜਿਸ ਨਾਲ ਪਿਛਲੇ ਢਾਈ ਸਾਲਾਂ ਵਿੱਚ ਔਸਤਨ ਰੋਜ਼ਾਨਾ 51 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ।
ਕੇਂਦਰ ਵੱਲੋਂ ਰੋਕੇ ਗਏ ਫੰਡਾਂ ਉਤੇ ਸਖ਼ਤ ਇਤਰਾਜ਼ ਜਤਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਕੋਲੋਂ ਪੰਜਾਬ ਕੋਈ ਭੀਖ ਨਹੀਂ ਮੰਗਦਾ ਸਗੋਂ ਆਪਣਾ ਹੱਕ ਮੰਗਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜੀ.ਐਸ.ਟੀ. ਇਕੱਠੀ ਕਰਕੇ ਕੇਂਦਰ ਕੋਲ ਜਮ੍ਹਾਂ ਕਰਵਾਉਂਦੇ ਹਾਂ ਅਤੇ ਉਸ ਵਿੱਚੋਂ ਆਪਣਾ ਹਿੱਸਾ ਮੰਗਦੇ ਹਨ ਜਿਸ ਕਰਕੇ ਕੇਂਦਰ ਸਾਡੇ ਉਤੇ ਕੋਈ ਅਹਿਸਾਨ ਨਹੀਂ ਕਰਦਾ।
ਰੱਖੜ ਪੁੰਨਿਆ ਮੌਕੇ ਉਤੇ ਇੱਥੇ ਇਤਿਹਾਸਕ ਗੁਰਦੁਆਰਾ ਨੌਵੇਂ ਪਾਤਸ਼ਾਹ ਜੀ ਵਿਖੇ ਮੁੱਖ ਮੰਤਰੀ ਨੇ ਨਤਮਸਤਕ ਹੋ ਕੇ ਸਰਬੱਤ ਦਾ ਭਲਾ ਮੰਗਿਆ। ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਬਕਾਲਾ ਦੀ ਇਤਿਹਾਸਕ ਤੇ ਪਵਿੱਤਰ ਧਰਤੀ ਉਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਲੰਮਾ ਸਮਾਂ ਭਗਤੀ ਕੀਤੀ। ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਜ਼ੁਲਮ, ਬੇਇਨਸਾਫ਼ੀ ਅਤੇ ਅੱਤਿਆਚਾਰ ਵਿਰੁੱਧ ਲੜਨ ਦੀ ਪ੍ਰੇਰਨਾ ਦਿੱਤੀ ਹੈ, ਜਿਸ ਸਦਕਾ ਪੰਜਾਬੀਆਂ ਨੇ ਹਮੇਸ਼ਾ ਹੀ ਬੁਰਾਈਆਂ ਵਿਰੁੱਧ ਲੜਾਈ ਵਿਚ ਦੇਸ਼ ਦੀ ਅਗਵਾਈ ਕੀਤੀ ਹੈ।