ਚੰਡੀਗੜ੍ਹ 10 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਪੀਸੀ) ਦੀਆਂ ਆਮ ਚੋਣਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹ ਚੋਣਾਂ ਚੜਦੇ ਸਾਲ 19 ਜਨਵਰੀ ਨੂੰ ਹੋਣਗੀਆਂ ਅਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ। ਇਸ ਬਾਰੇ ਹਰਿਆਣਾ ਦੇ ਗੁਰਦੁਆਰਾ ਚੋਣ ਕਮਿਸ਼ਨਰ ਸੇਵਾਮੁਕਤ ਜਸਟਿਸ ਐਚਐਸ ਭੱਲਾ ਨੇ HSGPC ਐਚਐਸਜੀਪੀਸੀ ਚੋਣਾਂ ਦਾ ਸ਼ਡਿਊਲ ਜਾਰੀ ਕੀਤਾ ਹੈ।
ਹਰਿਆਣਾ ਰਾਜ ਵਿੱਚ ਬਣਾਏ ਕੁੱਲ 40 ਵਾਰਡਾਂ ਲਈ ਹੋਣ ਵਾਲੀਆਂ ਇੰਨਾਂ ਚੋਣਾਂ ਵਿੱਚ ਕਿਸਮਤ ਅਜ਼ਮਾਉਣ ਵਾਲੇ ਚਾਹਵਾਨ ਉਮੀਦਵਾਰ 20 ਤੋਂ 28 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਘੱਟੋ-ਘੱਟ 25 ਸਾਲ ਦੀ ਉਮਰ ਵਾਲੇ ਅੰਮ੍ਰਿਤਧਾਰੀ ਸਿੱਖ ਹੀ ਇਹ ਚੋਣ ਲੜ ਸਕਣਗੇ। ਵੋਟਿੰਗ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਰਾਹੀਂ ਕਰਵਾਈ ਜਾਵੇਗੀ।
ਦੱਸ ਦੇਈਏ ਕਿ ਸਾਲ 2014 ਤੋਂ ਰਾਜ ਸਰਕਾਰ ਵੱਲੋਂ ਹਰਿਆਣਾ ਦੀ ਗੁਰਦੁਆਰਾ ਕਮੇਟੀ ਨੂੰ ਨਾਮਜ਼ਦ ਮੈਂਬਰਾਂ ਰਾਹੀਂ ਹੀ ਚਲਾਇਆ ਜਾ ਰਿਹਾ ਹੈ।
ਜਾਰੀ ਕੀਤੇ ਚੋਣ ਪ੍ਰੋਗਰਾਮ ਮੁਤਾਬਿਕ ਉਮੀਦਵਾਰਾਂ ਨੂੰ ਤਰਜੀਹੀ ਆਧਾਰ ਉਤੇ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ਤਿੰਨ ਚੋਣ ਚਿੰਨ੍ਹਾਂ ਨੂੰ ਭਰਨਾ ਹੋਵੇਗਾ। ਸਬੰਧਤ ਵਾਰਡ ਦੀ ਵੋਟਰ ਸੂਚੀ ਵਿੱਚ ਸ਼ਾਮਲ ਅੰਮ੍ਰਿਤਧਾਰੀ ਸਿੱਖ ਹੀ ਉਸ ਵਾਰਡ ਤੋਂ ਚੋਣ ਲੜ ਸਕਣਗੇ।
ਚੋਣ ਲੜਨ ਲਈ ਯੋਗਤਾ
ਗੁਰਦੁਆਰੇ ਦੇ ਸੇਵਾਦਾਰ, ਜੋ ਆਪਣੀ ਦਾੜ੍ਹੀ ਜਾਂ ਵਾਲ ਕੱਟਦੇ, ਸ਼ਰਾਬ ਜਾਂ ਨਸ਼ਾ ਅਤੇ ਹਲਾਲ ਮੀਟ ਦਾ ਸੇਵਨ ਕਰਦੇ, ਮਾਨਸਿਕ ਤੌਰ ‘ਤੇ ਬੀਮਾਰ, ਦੀਵਾਲੀਆ ਘੋਸ਼ਿਤ ਕੀਤੇ ਗਏ ਹਨ ਅਤੇ ਨੈਤਿਕ ਗਿਰਾਵਟ ਨਾਲ ਸਬੰਧਤ ਕਿਸੇ ਵੀ ਅਪਰਾਧ ਦੇ ਦੋਸ਼ੀ ਹਨ, ਉਹ ਚੋਣ ਨਹੀਂ ਲੜ ਸਕਣਗੇ। ਉਮੀਦਵਾਰ ਗੁਰਮੁਖੀ ਲਿਪੀ ਪੜ੍ਹਨ ਅਤੇ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ।
ਨਾਮਜ਼ਦਗੀ ਕਿਸੇ ਵੀ ਉਮੀਦਵਾਰ ਵੱਲੋਂ ਆਪਣੇ ਪ੍ਰਸਤਾਵਕ ਜਾਂ ਅਧਿਕਾਰਤ ਏਜੰਟ ਰਾਹੀਂ ਕੀਤੀ ਜਾ ਸਕਦੀ ਹੈ। ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਮਿਤੀ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ 5,000 ਰੁਪਏ ਦੀ ਫੀਸ ਜਮ੍ਹਾਂ ਕਰਾਉਣੀ ਪਵੇਗੀ।