ਪਟਿਆਲਾ, 7 ਮਈ 2024 (ਫਤਿਹ ਪੰਜਾਬ) ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਨਾਭਾ ਵਿਖੇ ਕਰੀਬ 10 ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦਿਆਂ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਭਾਵੁਕ ਹੁੰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਸਮੁੱਚਾ ਪਟਿਆਲਾ ਜ਼ਿਲ੍ਹਾ ਮੇਰਾ ਪਰਿਵਾਰ ਹੈ ਅਤੇ ਹਰ ਮੈਂਬਰ ਨੇ ਧੀ ਵਰਗਾ ਪਿਆਰ ਦਿੱਤਾ ਹੈ। ਇਹ ਪਟਿਆਲਾ ਵਾਸੀਆਂ ਦਾ ਪਿਆਰ ਹੈ, ਜਿਸ ਦੀ ਬਦੌਲਤ ਉਹ ਜਿਲੇ ਦੇ ਵੱਡੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿਚ ਕਾਮਯਾਬ ਹੋਈ ਹੈ। 

ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੂੰ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਪਟਿਆਲਾ ਨੂੰ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਨੂੰ ਸਥਾਪਿਤ ਕਰਵਾਇਆ। ਇਸ ਤੋਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਵੀ ਪਟਿਆਲੇ ਨੂੰ ਦਿੱਤੀ। ਨਵਾਂ ਬੱਸ ਸਟੈਂਡ, ਡੇਅਰੀ ਪ੍ਰਾਜੈਕਟ, ਨਹਿਰੀ ਪਾਣੀ ਪ੍ਰਾਜੈਕਟ, ਛੋਟੀ-ਵੱਡੀ ਨਦੀ ਦੇ ਸੁੰਦਰੀਕਰਨ ਪ੍ਰਾਜੈਕਟ, 18.2 ਕਿਲੋਮੀਟਰ ਲੰਬੇ ਦੱਖਣੀ ਬਾਈਪਾਸ ਤੋਂ ਬਾਅਦ ਹੁਣ 27 ਕਿਲੋਮੀਟਰ ਲੰਬੇ ਉੱਤਰੀ ਬਾਈਪਾਸ ਬਣਾਉਣ ਦਾ ਮੌਕਾ ਮਿਲਿਆ, ਜੋ ਸ਼ਹਿਰ ਨੂੰ ਆਰਥਿਕ, ਕਾਰੋਬਾਰ ਦੇ ਤੌਰ ਤੇ ਫਾਇਦਾ ਦਵੇਗਾ। 

ਨਾਭਾ ਦੇ ਬੌੜਾਂ ਗੇਟ ਵਿਖੇ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਨ ਉਪਰੰਤ ਪ੍ਰਨੀਤ ਕੌਰ ਨੇ ਕਿਹਾ ਕਿ ਭਵਿੱਖ ਵਿੱਚ ਉਨ੍ਹਾਂ ਦਾ ਸੁਪਨਾ ਹੈ ਕਿ ਨਾਭਾ ਵਿੱਚ ਅਤਿ-ਆਧੁਨਿਕ ਸਹੂਲਤਾਂ ਵਾਲਾ ਫੋਕਲ ਪੁਆਇੰਟ ਵਿਕਸਤ ਕਰਕੇ ਇਸ ਖੇਤਰ ਨੂੰ ਕੌਮੀ ਪੱਧਰ ’ਤੇ ਨਵੀਂ ਪਛਾਣ ਦਿਵਾਈ ਜਾਵੇ। ਇਸ ਤੋਂ ਪਹਿਲਾਂ ਨਾਭਾ ਵਿੱਚ ਸਥਾਪਿਤ ਹਾਰਲਿਕਸ ਅਤੇ ਕਰਤਾਰ ਕੰਬਾਈਨ ਦੇਸ਼ ਦੀ ਤਰੱਕੀ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਵਿੱਚ ਵੀ ਵੱਡਾ ਯੋਗਦਾਨ ਪਾ ਰਹੀਆਂ ਹਨ। ਪ੍ਰਨੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਭਾਰਤੀ ਜਨਤਾ ਪਾਰਟੀ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਅਤੇ ਭਰੋਸਾ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ ਉਤਸ਼ਾਹ ਦੇ ਆਧਾਰ ‘ਤੇ ਉਹ ਜ਼ਿਲ੍ਹੇ ਦੇ ਸਾਰੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਕੇਂਦਰ ਤੋਂ ਵੱਡੀ ਮਦਦ ਪ੍ਰਾਪਤ ਕਰ ਸਕਣਗੇ।

Skip to content