ਬੈਂਕ ਖਾਤੇ ਤੇ ਲਾਕਰ ਸੀਲ, ਬੇਨਾਮੀ ਜਾਇਦਾਦਾਂ ਤੇ ਵਿਦੇਸ਼ ਦੌਰਿਆਂ ਦੀ ਹੋਵੇਗੀ ਜਾਂਚ
ED ਤੇ Income Tax ਵਾਲੇ ਵੀ ਜਾਂਚ ‘ਚ ਸ਼ਾਮਲ ਹੋਣਗੇ ਸ਼ਾਮਲ
ਚੰਡੀਗੜ੍ਹ, 19 ਅਕਤੂਬਰ, 2025 (ਫਤਿਹ ਪੰਜਾਬ ਬਿਊਰੋ) – ਮੁਅੱਤਲ ਆਈਪੀਐਸ ਅਧਿਕਾਰੀ ਅਤੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਦਿਨੋ-ਦਿਨ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਸਮਰਾਲਾ ਨੇੜੇ ਬੌਂਦਲੀ ਪਿੰਡ ਵਿੱਚ ਉਸਾਰੇ ਭੁੱਲਰ ਦੇ ਫਾਰਮ ਹਾਊਸ ‘ਤੇ ਛਾਪੇਮਾਰੀ ਦੌਰਾਨ 108 ਬੋਤਲਾਂ ਮਹਿੰਗੀ ਸ਼ਰਾਬ ਜ਼ਬਤ ਕਰਨ ਪਿੱਛੋਂ ਇੱਕ ਦਿਨ ਬਾਅਦ ਹੁਣ ਸਮਰਾਲਾ ਪੁਲਿਸ ਨੇ ਸ਼ਨੀਵਾਰ ਨੂੰ ਪੰਜਾਬ ਆਬਕਾਰੀ ਕਾਨੂੰਨ ਹੇਠ ਮੁਕੱਦਮਾ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ 2007 ਬੈਚ ਦੇ ਆਈਪੀਐਸ ਅਧਿਕਾਰੀ ਭੁੱਲਰ ਨੂੰ 16 ਅਕਤੂਬਰ ਨੂੰ ਸੀਬੀਆਈ ਵੱਲੋਂ ਉਸਦੇ ਵਿਚੋਲੇ ਨਾਭਾ ਨਿਵਾਸੀ ਕ੍ਰਿਸ਼ਨੂ ਸਮੇਤ ਮੰਡੀ ਗੋਬਿੰਦਗੜ੍ਹ ਸਥਿਤ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਸ਼ੁੱਕਰਵਾਰ ਨੂੰ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਹੇਠ ਬੁੜੈਲ ਜੇਲ੍ਹ ਭੇਜ ਦਿੱਤਾ ਹੈ।
ਇਸ ਕੇਸ ਦੀ ਪੁਸ਼ਟੀ ਕਰਦੇ ਹੋਏ ਸਮਰਾਲਾ ਦੇ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਸੀਬੀਆਈ ਇੰਸਪੈਕਟਰ ਰੋਮੀਪਾਲ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਸਮਰਾਲਾ ਪੁਲਿਸ ਥਾਣੇ ਵਿੱਚ ਪੰਜਾਬ ਆਬਕਾਰੀ ਕਾਨੂੰਨ ਦੀ ਧਾਰਾ 61, 1, ਅਤੇ 14 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਧਾਰਾਵਾਂ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਜਮਾਂਖੋਰੀ ਅਤੇ ਢੋਆ-ਢੁਆਈ ਨਾਲ ਸਬੰਧਤ ਹਨ ਅਤੇ ਅਧਿਕਾਰੀਆਂ ਨੂੰ ਪੁੱਛਗਿੱਛ ਦੌਰਾਨ ਵਿਅਕਤੀਆਂ ਅਤੇ ਦਸਤਾਵੇਜ਼ਾਂ ਨੂੰ ਤਲਬ ਕਰਨ ਦਾ ਅਧਿਕਾਰ ਦਿੰਦੀਆਂ ਹਨ।
ਬੌਂਦਲੀ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਇਹ ਫਾਰਮਹਾਊਸ ਅਕਸਰ ਵਿਆਹਾਂ ਤੋਂ ਪਹਿਲਾਂ ਦੀਆਂ ਸ਼ੂਟਿੰਗਾਂ, ਸੰਗੀਤ ਵੀਡੀਓਜ ਦੀ ਰਿਕਾਰਡਿੰਗ ਅਤੇ ਨਿੱਜੀ ਸਮਾਗਮਾਂ ਲਈ ਕਿਰਾਏ ‘ਤੇ ਦਿੱਤਾ ਜਾਂਦਾ ਸੀ ਜਿਸ ਦੀ ਸੀਬੀਆਈ ਟੀਮ ਦੁਆਰਾ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। ਛਾਪੇਮਾਰੀ ਦੌਰਾਨ, ਜਾਂਚਕਰਤਾਵਾਂ ਨੂੰ ਮਹਿੰਗੀ ਸ਼ਰਾਬ ਦੇ ਸਟਾਕ ਤੋਂ ਇਲਾਵਾ 7.50 ਲੱਖ ਰੁਪਏ ਨਕਦ, 17 ਜ਼ਿੰਦਾ ਕਾਰਤੂਸ ਵੀ ਮਿਲੇ ਹਨ। ਅਧਿਕਾਰੀਆਂ ਨੇ ਕਿਹਾ ਕਿ ਐਫਆਈਆਰ ਵਿੱਚ ਅਸਲਾ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਵੀ ਜੋੜੇ ਜਾਣ ਦੀ ਸੰਭਾਵਨਾ ਹੈ।
ਸੀਬੀਆਈ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਸਥਾਨਕ ਪੁਲਿਸ ਦੀ ਮੌਜੂਦਗੀ ਵਿੱਚ ਜ਼ਬਤ ਕੀਤੀ ਗਈ ਸ਼ਰਾਬ ਆਬਕਾਰੀ ਇੰਸਪੈਕਟਰ ਵਿਜੇ ਕੁਮਾਰ ਅਤੇ ਮੇਜਰ ਸਿੰਘ ਨੂੰ ਸੌਂਪ ਦਿੱਤੀ।
ਵਿੱਤੀ ਕਾਰਵਾਈ ਦਾ ਘੇਰਾ ਵਧਾਇਆ
ਸੀਬੀਆਈ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭੁੱਲਰ ਅਤੇ ਉਸਦੇ ਪਰਿਵਾਰ ਦੇ ਬੈਂਕ ਖਾਤਿਆਂ ਨੂੰ ਜਾਮ ਕਰ ਦਿੱਤਾ ਹੈ ਅਤੇ ਉਨ੍ਹਾਂ ਦੁਆਰਾ ਚਲਾਏ ਜਾਣ ਵਾਲੇ ਸਾਰੇ ਲਾਕਰਾਂ ਨੂੰ ਅੱਗੇ ਦੀ ਜਾਂਚ ਤੱਕ ਸੀਲ ਕਰ ਦਿੱਤਾ ਗਿਆ ਹੈ। ਇਸ ਘਟਨਾਕ੍ਰਮ ਤੋਂ ਜਾਣੂ ਇੱਕ ਅਧਿਕਾਰੀ ਨੇ ਕਿਹਾ ਕਿ ਲਾਕਰਾਂ ਨੂੰ ਦੀਵਾਲੀ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਖੋਲ੍ਹਿਆ ਅਤੇ ਜਾਂਚਿਆ ਜਾਵੇਗਾ। ਸੀਬੀਆਈ ਨੇ ਭੁੱਲਰ ਦੀਆਂ ਮੋਜੂਦਾ ਅਤੇ ਸ਼ੱਕੀ ਜਾਇਦਾਦਾਂ ਦਾ ਪੂਰਾ ਵਿੱਤੀ ਆਡਿਟ ਵੀ ਸ਼ੁਰੂ ਕਰ ਦਿੱਤਾ ਹੈ। ਜਾਂਚਕਰਤਾ ਸੰਭਾਵਿਤ ਬੇਨਾਮੀ ਜਾਇਦਾਦਾਂ ਤੇ ਨਿਵੇਸ਼ ਦਾ ਪਤਾ ਲਗਾਉਣ ਲਈ ਉਸਦੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਜੁੜੇ ਜਾਇਦਾਦ ਦੇ ਲੈਣ-ਦੇਣ, ਜ਼ਮੀਨੀ ਰਿਕਾਰਡ ਅਤੇ ਉੱਚ-ਮੁੱਲ ਦੀਆਂ ਖਰੀਦਦਾਰੀਆਂ ਦੀ ਜਾਂਚ ਕਰ ਰਹੇ ਹਨ।
ਵਿਦੇਸ਼ੀ ਦੌਰੇ ਤੇ ਵਿਦੇਸ਼ਾਂ ਚ ਜਾਇਦਾਦ ਵੀ ਜਾਂਚ ਹੇਠ
ਸੀਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਕਿਸੇ ਵੀ ਵਿਦੇਸ਼ੀ ਜਾਇਦਾਦ ਜਾਂ ਬੇਹਿਸਾਬ ਖ਼ਰਚਿਆਂ ਦੀ ਪਛਾਣ ਕਰਨ ਲਈ ਭੁੱਲਰ ਦੇ ਹਾਲੀਆ ਵਿਦੇਸ਼ੀ ਦੌਰਿਆਂ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਉਸਦੇ ਵਿਦੇਸ਼ੀ ਦੌਰਿਆਂ ਦੇ ਉਦੇਸ਼, ਮਿਆਦ ਅਤੇ ਫੰਡਿੰਗ ਸਰੋਤਾਂ ਦੀ ਪੁਸ਼ਟੀ ਕਰ ਰਹੇ ਹਾਂ। ਇਨ੍ਹਾਂ ਵਿੱਚੋਂ ਕੁਝ ਯਾਤਰਾਵਾਂ ਅਣ-ਐਲਾਨੀਆਂ ਆਮਦਨਾਂ ਰਾਹੀਂ ਕਰਨ ਦਾ ਸ਼ੱਕ ਹੈ। ਇਸ ਦੌਰਾਨ, ਜਾਂਚਕਰਤਾ ਇੱਕ ਸਪੱਸ਼ਟ ਫੰਡ ਟ੍ਰੇਲ ਸਥਾਪਤ ਕਰਨ ਅਤੇ ਇਸ ਨੂੰ ਨਿਰਧਾਰਤ ਕਰਨ ਲਈ ਕੰਮ ਕਰ ਰਹੇ ਹਨ ਕਿ ਕੀ ਭੁੱਲਰ ਨੇ ਭ੍ਰਿਸ਼ਟ ਤਰੀਕਿਆਂ ਨਾਲ ਵਿੱਤ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ।
ਸ਼ਰਾਬ ਦੇ ਭੰਡਾਰ, ਅਸਲਾ ਅਤੇ ਰੌਂਦ ਅਤੇ ਸ਼ੱਕੀ ਬੇਨਾਮੀ ਲੈਣ-ਦੇਣ ਦਾ ਖੁਲਾਸਾ ਹੋਣ ਕਰਕੇ ਅਧਿਕਾਰੀਆਂ ਨੇ ਕਿਹਾ ਕਿ ਇਹ ਜਾਂਚ ਹੁਣ ਸ਼ੁਰੂਆਤੀ ਰਿਸ਼ਵਤਖੋਰੀ ਦੇ ਮਾਮਲੇ ਤੋਂ ਅੱਗੇ ਵਧ ਗਈ ਹੈ ਜਿਸ ਨਾਲ ਮੁਅੱਤਲ ਅਧਿਕਾਰੀ ਵਿਰੁੱਧ ਵਿੱਤੀ ਅਤੇ ਪ੍ਰਸ਼ਾਸਕੀ ਅਣਗਹਿਲੀਆਂ ਦਾ ਇੱਕ ਵੱਡੀ ਕੜੀ ਖੁੱਲ੍ਹ ਸਕਦੀ ਹੈ। ਸੂਤਰਾਂ ਅਨੁਸਾਰ, ਇਸ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਵਿਭਾਗ ਵੱਲੋਂ ਵੀ ਭੁੱਲਰ ਦੁਆਰਾ ਇਕੱਠੀ ਕੀਤੀ ਗਈ ਨਾਜਾਇਜ਼ ਦੌਲਤ ਦੀ ਪੜਤਾਲ ਲਈ ਜਾਂਚ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।