ਹਰਿਆਣਾ ਗੁਰਦੁਆਰਾ ਕਮੇਟੀ ਵੱਲੋਂ ਸਰਕਾਰੀ ਨਗਰ ਕੀਰਤਨਾਂ ‘ਚ ਸ਼ਮੂਲੀਅਤ ਤੋਂ ਕੋਰੀ ਨਾਂਹ
ਕਰਨਾਲ, 1 ਨਵੰਬਰ 2025 (ਫਤਿਹ ਪੰਜਾਬ ਬਿਊਰੋ) – ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਇੱਕਜੁਟ ਹੋ ਕੇ ਬਲਜੀਤ ਸਿੰਘ ਦਾਦੂਵਾਲ ਦੀ ਮੈਂਬਰੀ ਨੂੰ ਰੱਦ ਕਰਨ ਦਾ ਫੈਸਲਾ ਲੈਂਦਿਆਂ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਗੁਰਦੁਆਰਾ ਕਮੇਟੀ ਦੇ ਪ੍ਰਬੰਧਾਂ ਵਿਚ ਸਿੱਧੀ ਦਖਲਅੰਦਾਜ਼ੀ ਕਰਨੀ ਬੰਦ ਕਰੋ ਤੇ ਕਮੇਟੀ ਨੂੰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸਿੱਖ ਰਹਿਤ ਮਰਿਆਦਾ ਅਨੁਸਾਰ ਕਰਨ ਦਿੱਤਾ ਜਾਵੇ।
ਸਾਲ 2025-26 ਦੇ ਬਜਟ ਸਬੰਧੀ ਬੁਲਾਈ ਇਸ ਵਿਸ਼ੇਸ਼ ਮੀਟਿੰਗ ਤੋਂ ਪਹਿਲਾਂ ਹੀ ਸਿੱਖ ਜੁਡੀਸ਼ੀਅਲ ਕਮਿਸ਼ਨ ਨੇ ਗੁਰਦੁਆਰਾ ਕਮੇਟੀ ਦੀ ਬਜਟ ਮੀਟਿੰਗ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ ਜਿਸ ਦੇ ਵਿਰੋਧ ਵਿਚ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਨੇ ਕੁਰੂਕਸ਼ੇਤਰ ਮੁੱਖ ਦਫ਼ਤਰ ਵਿਖੇ ਇਹ ਮੀਟਿੰਗ ਕੀਤੀ। ਮੀਟਿੰਗ ਵਿਚ ਹਰਿਆਣਾ ਕਮੇਟੀ ਦੇ 34 ਮੈਂਬਰ ਸ਼ਾਮਿਲ ਹੋਏ ਅਤੇ ਸਾਰੇ ਮੈਂਬਰਾਂ ਨੇ ਇੱਕਜੁਟ ਹੋ ਕੇ ਕਈ ਅਹਿਮ ਫੈਸਲੇ ਲਏ।
ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਨਾਮਜ਼ਦ ਮੈਂਬਰ ਦਾਦੂਵਾਲ ਵਿਰੁੱਧ 15 ਤੋਂ ਵੱਧ ਮੁਕੱਦਮੇ ਦਰਜ ਹਨ ਅਤੇ ਉਨ੍ਹਾਂ ਦਾ ਪਿਛੋਕੜ ਅਪਰਾਧਿਕ ਰਿਕਾਰਡ ਵਾਲਾ ਹੈ। ਉਸ ਵਿਅਕਤੀ ਦੇ ਜ਼ਬਰਦਸਤੀ ਵਿਵਹਾਰ ਤੇ ਉਸ ਵੱਲੋਂ ਹਰਿਆਣਾ ਕਮੇਟੀ ਦੇ ਪ੍ਰਬੰਧਾਂ ਵਿਚ ਰੁਕਾਵਟ ਪਾਉਣ ਕਾਰਨ ਸਦਨ ਨੇ ਅੱਜ ਸਿੱਖ ਜੂਡੀਸ਼ੀਅਲ ਕਮਿਸ਼ਨ ਤੇ ਚੋਣ ਕਮਿਸ਼ਨ ਨੂੰ ਸਿਫਾਰਸ਼ ਕੀਤੀ ਹੈ ਕਿ ਦਾਦੂਵਾਲ ਦੀ ਮੈਂਬਰਸ਼ਿਪ ਤੁਰੰਤ ਰੱਦ ਕੀਤੀ ਜਾਵੇ।
ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਸਰਕਾਰੀ ਹੁਕਮਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਮੁੱਖ ਮੰਤਰੀ ਹਰਿਆਣਾ ਦੇ ਓ.ਐਸ.ਡੀ. ਪ੍ਰਭਲੀਨ ਸਿੰਘ ਵਲੋਂ ਹਰਿਆਣਾ ਭਰ ‘ਚ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਦਾ ਫੈਸਲਾ ਹਰਿਆਣਾ ਕਮੇਟੀ ਮੈਂਬਰਾਂ ਨਾਲ ਬਿਨਾਂ ਸਲਾਹ ਕੀਤੇ ਹੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਹਰਿਆਣਾ ਕਮੇਟੀ ਮੈਂਬਰਾਂ ਨੂੰ ਡਰ ਹੈ ਕਿ ਅਜਿਹੇ ਸਰਕਾਰੀ ਨਗਰ ਕੀਰਤਨਾਂ ਦੌਰਾਨ ਕਿਸੇ ਵੀ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਕਦਰਾਂ-ਕੀਮਤਾਂ ਦਾ ਨਿਰਾਦਰ ਹੋ ਸਕਦਾ ਹੈ। ਇਸ ਲਈ ਸੂਬੇ ਦੀ ਭਾਜਪਾ ਸਰਕਾਰ ਨੂੰ ਬਾਕਾਇਦਾ ਸੰਗਤ ਵੱਲੋਂ ਚੁਣੀ ਹੋਈ ਕਮੇਟੀ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਅਤੇ ਸਮਾਗਮਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਾਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਹੈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਤਾਂ ਇਹਨਾਂ ਨਗਰ ਕੀਰਤਨਾਂ ਵਿਚ ਹਿੱਸਾ ਲਵੇਗੀ ਤੇ ਨਾ ਹੀ ਬਿਲਕੁਲ ਕੋਈ ਸਹਿਯੋਗ ਕਰੇਗੀ।
ਝੀਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ 25 ਨਵੰਬਰ 2025 ਨੂੰ ਕੁਰੂਕਸ਼ੇਤਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਉਸ ਮੌਕੇ ਗੀਤਾ ਜੈਅੰਤੀ ਵੀ ਹੈ ਤੇ ਲੱਖਾਂ ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਉਮੀਦ ਹੈ। ਇਸ ਦੌਰਾਨ ਗੁਰਸਿੱਖੀ ਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।