ਚੰਡੀਗੜ੍ਹ 5 ਜੂਨ 2024 (ਫਤਿਹ ਪੰਜਾਬ) ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਪਲਸੌਰਾ, ਚੰਡੀਗੜ੍ਹ ਵਿਖੇ ਸਥਿਤ ਪਿੰਗਲਵਾੜਾ ਦੀ ਬਰਾਂਚ ਵਿਖੇ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਦਾ ਉਦਘਾਟਨ ਨਵਜੀਤ ਕਲੇਰ, ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਵੱਲੋਂ ਪਿੰਗਲਵਾੜਾ ਦੇ ਨਿਸ਼ਕਾਮ ਸੇਵਕ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਇਸ ਮੌਕੇ ਪਿੰਗਲਵਾੜਾ ਦੇ ਸੋਸ਼ਲ ਵਰਕਰ ਹਰਪਾਲ ਸਿੰਘ ਨੇ ਦੱਸਿਆ ਕਿ ਪਲਸੌਰਾ ਸ਼ਾਖਾ ਵਿਖੇ ਸਪੈਸ਼ਲ ਬੱਚਿਆਂ ਲਈ ਇੱਕ ਸਕੂਲ ਵੀ ਚਲਾਇਆ ਜਾ ਰਿਹਾ ਹੈ ਅਤੇ ਇਸ ਸਕੂਲ ਦੇ ਵਿਦਿਆਰਥੀ ਸਕੂਲਾਂ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਮੈਡਲ ਜਿੱਤ ਕੇ ਲਿਆਏ ਹਨ। ਇਸ ਤੋਂ ਇਲਾਵਾ ਇੱਥੋਂ ਮਰੀਜ਼ਾਂ ਲਈ ਮੁਫਤ ਡੈਂਟਲ ਕੇਅਰ ਅਤੇ ਫਿਜੀਉਥਿਰੈਪੀ ਸੈਂਟਰ ਵੀ ਚੱਲ ਰਿਹਾ ਹੈ।
ਇਸ ਸਮਾਗਮ ਮੌਕੇ ਪਿੰਗਲਵਾੜਾ ਦੇ ਸੋਸ਼ਲ ਵਰਕਰ ਹਰਪਾਲ ਸਿੰਘ ਸਮੇਤ ਪਿੰਗਲਵਾੜਾ ਦੀ ਸਮੁੱਚੀ ਟੀਮ ਤੋਂ ਇਲਾਵਾ ਚੰਡੀਗੜ੍ਹ ਨਗਰ ਨਿਗਮ ਚੰਡੀਗੜ੍ਹ ਦੇ ਕੌਂਸਲਰ ਹਰਦੀਪ ਸਿੰਘ ਬੁਟਰੇਲਾ, ਐਨਜੀਓ ‘ਉੱਦਮ’ ਵੱਲੋਂ ਡਾ. ਸੰਜੀਵ ਅਤੇ ਰਾਹੁਲ ਖਰੜ ਵੀ ਹਾਜ਼ਰ ਸਨ।