ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਲਈ ਸਾਵਧਾਨੀ ਤੇ ਸਖ਼ਤੀ ਦੀ ਲੋੜ ’ਤੇ ਦਿੱਤਾ ਜ਼ੋਰ

ਨਾਭਾ, 18 ਅਕਤੂਬਰ 2025 (ਫਤਿਹ ਪੰਜਾਬ ਬਿਊਰੋ) – ਪੰਜਾਬ ਪਬਲਿਕ ਸਕੂਲ ਨਾਭਾ ਦੇ ਸਲਾਨਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਡੀ.ਆਈ.ਜੀ. ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਉਸਦੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੀ ਸੀ.ਬੀ.ਆਈ. ਵੱਲੋਂ ਕੀਤੀ ਗ੍ਰਿਫਤਾਰੀ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਾਰੀ ਗੈਰਕਾਨੂੰਨੀ ਗਤੀਵਿਧੀ ਸਾਡੇ ਅਧਿਕਾਰਤ ਪ੍ਰਬੰਧ ਦੇ ਨੱਕ ਹੇਠ ਚੱਲ ਰਹੀ ਸੀ ਤਾਂ ਇਸਦਾ ਸਿੱਧਾ ਅਰਥ ਹੈ ਕਿ ਪ੍ਰਣਾਲੀ ਵਿੱਚ ਕਿਤੇ ਨਾ ਕਿਤੇ ਗੰਭੀਰ ਖਾਮੀ ਮੌਜੂਦ ਹੈ।

ਰਾਜਪਾਲ ਕਟਾਰੀਆ ਨੇ ਕਿਹਾ ਕਿ ਪੰਜਾਬ ਵਰਗੇ ਵੱਡੇ ਸੂਬੇ ਵਿੱਚ ਇੰਨਾ ਵਿਸ਼ਾਲ ਪ੍ਰਸ਼ਾਸਕੀ ਤੇ ਪੁਲਿਸ ਢਾਂਚਾ ਹੋਣ ਦੇ ਬਾਵਜੂਦ ਜੇਕਰ ਬਾਹਰੀ ਏਜੰਸੀ ਸੀ.ਬੀ.ਆਈ. ਨੂੰ ਆ ਕੇ ਭ੍ਰਿਸ਼ਟਾਚਾਰ ਦੇ ਅਜਿਹੇ ਮਾਮਲੇ ਬੇਨਕਾਬ ਕਰਨ ਪੈ ਰਹੇ ਹਨ, ਤਾਂ ਇਹ ਸਿਸਟਮ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸੂਬੇ ਦੇ ਅਧਿਕਾਰਤ ਪ੍ਰਬੰਧ ਅਤੇ ਨਿਗਰਾਨੀ ਮਕੈਨਿਜ਼ਮ ’ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿ ਇੰਨਾ ਵੱਡਾ ਰਿਸ਼ਵਤਖੋਰੀ ਜਾਲ ਇੰਨੀ ਲੰਮੀ ਦੇਰ ਤੱਕ ਬਿਨਾ ਕਿਸੇ ਅੰਦਰੂਨੀ ਜਾਂਚ ਦੇ ਕਿਵੇਂ ਚੱਲਦਾ ਰਿਹਾ।

ਉਨ੍ਹਾਂ ਕਿਹਾ ਕਿ ਡੀ.ਆਈ.ਜੀ. ਭੁੱਲਰ ਤੇ ਉਸਦੇ ਸਾਥੀ ਦੀ ਗ੍ਰਿਫਤਾਰੀ ਸਿਰਫ਼ ਇਕ ਵਿਅਕਤੀਗਤ ਮਾਮਲਾ ਨਹੀਂ, ਸਗੋਂ ਪ੍ਰਸ਼ਾਸਨਿਕ ਸੂਚਕਾਂ ਤੇ ਵਿਸ਼ਵਾਸ ਦੀ ਕਸੌਟੀ ਹੈ। ਰਾਜਪਾਲ ਨੇ ਕਿਹਾ ਕਿ ਲੋਕਾਂ ਦੇ ਮਨ ਵਿਚ ਸੀ.ਬੀ.ਆਈ. ਕਾਰਵਾਈ ਤੋਂ ਇਨਸਾਫ਼ ਦੀ ਆਸ ਜਾਗੀ ਹੈ ਤੇ ਹੁਣ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਅੰਦਰੂਨੀ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਉਖਾੜਣ ਲਈ ਵਿਸ਼ੇਸ਼ ਸਖ਼ਤੀ ਤੇ ਪਾਰਦਰਸ਼ੀ ਪ੍ਰਣਾਲੀ ਬਣਾਏ।

ਕਟਾਰੀਆ ਨੇ ਕਿਹਾ ਕਿ ਰਾਜ ਵਿੱਚ ਸਰਕਾਰੀ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਨਾਲ ਨਾ ਸਿਰਫ਼ ਪੁਲਿਸ ਪ੍ਰਬੰਧ ਦੀ ਸਾਖ਼ ਦਾਗ਼ਦਾਰ ਹੁੰਦੀ ਹੈ, ਸਗੋਂ ਲੋਕਾਂ ਦਾ ਵਿਸ਼ਵਾਸ ਵੀ ਹਿੱਲ ਜਾਂਦਾ ਹੈ।

ਰਾਜਪਾਲ ਨੇ ਇਹ ਵੀ ਕਿਹਾ ਕਿ ਸੀ.ਬੀ.ਆਈ. ਦੀ ਕਾਰਵਾਈ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਰਾਜ ਪੱਧਰ ’ਤੇ ਪ੍ਰਬੰਧ ਢਿੱਲਾ ਪੈ ਜਾਵੇ ਤਾਂ ਕੇਂਦਰੀ ਏਜੰਸੀਆਂ ਲੋਕਾਂ ਲਈ ਆਖ਼ਰੀ ਉਮੀਦ ਬਣਦੀਆਂ ਹਨ। ਉਨ੍ਹਾਂ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਨਿਸ਼ਪੱਖ ਜਾਂਚ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਮਾਨਦਾਰੀ ਤੇ ਪਾਰਦਰਸ਼ਤਾ ਨੂੰ ਪ੍ਰਮੁੱਖਤਾ ਦੇਵੇ।

ਵਰਨਣਯੋਗ ਹੈ ਕਿ ਉਕਤ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਉਸਦਾ ਵਿਚੋਲਾ ਕ੍ਰਿਸ਼ਨੂ ਸ਼ਾਰਦਾ ਹਾਲ ਹੀ ਵਿੱਚ ਸੀ.ਬੀ.ਆਈ. ਵੱਲੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਕਾਬੂ ਕੀਤੇ ਗਏ ਸਨ। ਭੁੱਲਰ ਦੇ ਘਰੋਂ ਤਲਾਸ਼ੀ ਮੁਹਿੰਮ ਦੌਰਾਨ 7.5 ਕਰੋੜ ਰੁਪਏ ਨਕਦ, 2.5 ਕਿਲੋ ਸੋਨਾ, 26 ਮਹਿੰਗੀਆਂ ਵਿਦੇਸ਼ੀ ਘੜੀਆਂ (ਰੋਲੈਕਸ, ਰਾਡੋ), 40 ਲੀਟਰ ਵਿਦੇਸ਼ੀ ਸ਼ਰਾਬ ਤੇ ਚਾਰ ਹਥਿਆਰ ਤੇ 100 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ। ਇਸ ਤੋਂ ਇਲਾਵਾ 71 ਜਾਇਦਾਦਾਂ/ਪਲਾਟਾਂ ਦੇ ਦਸਤਾਵੇਜ਼/ਰਜਿਸਟਰੀਆਂ, ਦੁਬਈ ਤੇ ਕੈਨੇਡਾ ਵਿੱਚ ਮਕਾਨ ਦੇ ਵੇਰਵੇ, 2 ਲਗਜਰੀ ਕਾਰਾਂ (ਮਰਸੀਡੀਜ ਤੇ ਆਡੀ) ਦੀਆਂ ਚਾਬੀਆਂ, ਵੱਖ-ਵੱਖ ਬੈਂਕਾਂ ਦੇ ਲਾਕਰਾਂ ਦੀਆਂ ਚਾਬੀਆਂ, ਕਈ ਬੈਂਕਾਂ ਵਿੱਚ ਖਾਤਿਆਂ ਦੇ ਦਸਤਾਵੇਜ਼ ਬਰਾਮਦ ਹੋਏ ਹਨ ਜਿਨ੍ਹਾਂ ਦੀ ਪੜਤਾਲ ਜਾਰੀ ਹੈ। ਉਕਤ ਤੋਂ ਇਲਾਵਾ ਉਸ ਦੇ ਸਮਰਾਲਾ (ਲੁਧਿਆਣਾ) ਸਥਿਤ ਫਾਰਮਹਾਊਸ ਦੀ ਤਲਾਸ਼ੀ ਮੌਕੇ 108 ਮਹਿੰਗੀਆਂ ਬੋਤਲਾਂ ਸ਼ਰਾਬ ਬਰਾਮਦ, 5.70 ਲੱਖ ਰੁਪਏ ਨਗਦ ਅਤੇ 17 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਚਰਚਿਤ ਮੁਕੱਦਮੇ ਨੇ ਸੂਬੇ ਦੇ ਪੁਲਿਸ ਤੇ ਪ੍ਰਸ਼ਾਸਕੀ ਤੰਤਰ ਵਿੱਚ ਹਲਚਲ ਮਚਾ ਦਿੱਤੀ ਹੈ।

error: Content is protected !!